ਗੁਰਪ੍ਰੀਤ ਸਿੰਘ :- ਜਲੰਧਰ-ਪਠਾਨਕੋਟ ਰੇਲਵੇ ਟਰੈਕ ’ਤੇ ਮੁਕੇਰੀਆਂ ਤੋਂ 6 ਕਿਲੋਮੀਟਰ ਦੂਰ ਸਥਿਤ ਅਲੀਪੁਰ ਫਾਟਕ ਕਿਲੋਮੀਟਰ 67/17,19 ’ਤੇ ਬੀਤੀ ਦੇਰ ਰਾਤ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਮੁਕੇਰੀਆਂ ਰੇਲਵੇ ਚੌਕੀ ਦੇ ਇੰਚਾਰਜ ਏ. ਐੱਸ. ਆਈ. ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਕੇਰੀਆਂ ਦਸੂਹਾ ਰੇਲਵੇ ਟਰੈਕ ’ਤੇ ਮੁਕੇਰੀਆਂ ਤੋਂ 6 ਕਿਲੋਮੀਟਰ ਪਹਿਲਾਂ ਅਲੀਪੁਰ ਫਾਟਕ ਨੇੜੇ ਬੀਤੀ ਦੇਰ ਰਾਤ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ 2 ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਚੰਦਨ ਪਾਸਵਾਨ (37) ਪੁੱਤਰ ਗਣੇਸ਼ੀ ਪਾਸਵਾਨ, ਖੁਥਰਾ (ਬਿਹਾਰ) ਅਤੇ ਰਾਜਨ ਰਿਸ਼ੀ (40) ਪੁੱਤਰ ਨੰਕੂ ਰਿਸ਼ੀ, ਪੂਰਨੀਆ (ਬਿਹਾਰ) ਵਜੋਂ ਹੋਈ ਹੈ। ਰੇਲਵੇ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
