NFSU ਦੀ ਮਦਦ ਨਾਲ ਨਾਰਕੋ-ਅੱਤਵਾਦ ਅਤੇ ਡਰੋਨ ਘੁਸਪੈਠ ’ਤੇ ਵਿਗਿਆਨਕ ਵਾਰ ਕਰ ਸਕੇਗਾ ਪੰਜਾਬ

ਨੈਸ਼ਨਲ ਟਾਈਮਜ਼ ਬਿਉਰੋ – ਗੁਜਰਾਤ ਦੇ ਗਾਂਧੀਨਗਰ ਵਿਚ ਸਥਿਤ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (NFSU), ਗ੍ਰਹਿ ਮੰਤਰਾਲੇ ਦੇ ਅਧੀਨ ਇਕ ‘ਰਾਸ਼ਟਰੀ ਮਹੱਤਵ ਦਾ ਸੰਸਥਾਨ’ ਹੈ, ਜੋ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਵਿਗਿਆਨਕ ਮਜ਼ਬੂਤੀ ਪ੍ਰਦਾਨ ਕਰਦਾ ਹੈ। ਐੱਨ.ਐੱਫ.ਐੱਸ.ਯੂ. ਦੇ ਵਾਈਸ ਚਾਂਸਲਰ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਡਾ. ਜੇ. ਐੱਮ. ਵਿਆਸ ਨੇ ਪੀ. ਆਈ. ਬੀ. ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਨਾਲ ਗੁਜਰਾਤ ਦੌਰੇ ’ਤੇ ਆਏ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਇਕ ਮਹੱਤਵਪੂਰਨ ਵਿਜ਼ਨ ਸਾਂਝਾ ਕੀਤਾ। ਇਹ ਵਿਜ਼ਨ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਸੁਰੱਖਿਆ ਦਾ ਨਵਾਂ ਰੋਡਮੈਪ ਤਿਆਰ ਕਰ ਸਕਦਾ ਹੈ। ਡਾ. ਵਿਆਸ ਨੇ ਸਪੱਸ਼ਟ ਕੀਤਾ ਕਿ ਇਸ ਸੰਸਥਾ ਦਾ ਮੁੱਖ ਟੀਚਾ ਸਿਰਫ ਡਿਗਰੀਆਂ ਦੇਣਾ ਨਹੀਂ ਸਗੋਂ ਦੇਸ਼ ਲਈ ਅਜਿਹੇ ਮਾਹਿਰ ਤਿਆਰ ਕਰਨਾ ਹੈ, ਜੋ ਗੁੰਝਲਦਾਰ ਅਪਰਾਧਾਂ ਦੀ ਗੁੱਥੀ ਸੁਲਝਾਉਣ ਦੇ ਯੋਗ ਹੋਣ। ਜੇਕਰ ਕੋਈ ਵੀ ਸੂਬਾ ਮਦਦ ਮੰਗਦਾ ਹੈ, ਤਾਂ ਅਸੀਂ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੇ ਹਾਂ।

ਡਰੋਨ ਦੇ ‘ਫਲਾਈਟ ਲੌਗ’ ਨੂੰ ਡੀਕੋਡ ਕਰ ਸਕਦੀ ਹੈ ਐੱਨ. ਐੱਫ. ਐੱਸ. ਯੂ.

ਪੰਜਾਬ ਆਪਣੀ ਅੰਤਰਰਾਸ਼ਟਰੀ ਸਰਹੱਦ ’ਤੇ ਘੁਸਪੈਠ ਕਾਰਨ ‘ਨਾਰਕੋ-ਅੱਤਵਾਦ’ ਅਤੇ ‘ਡਰੋਨ ਘੁਸਪੈਠ’ ਵਰਗੀਆਂ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਐੱਨ.ਐੱਫ.ਐੱਸ.ਯੂ. (ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ) ਦੀ ਤਕਨੀਕ ਅਤੇ ਮੁਹਾਰਤ ਇਨ੍ਹਾਂ ਸਮੱਸਿਆਵਾਂ ਦੇ ਹੱਲ ਵਿਚ ਕਈ ਤਰੀਕਿਆਂ ਨਾਲ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਡਰੋਨ ਫੋਰੈਂਸਿਕ ਤਕਨੀਕ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਸਿਰਫ਼ ਸਾਮਾਨ ਸੁੱਟਣ ਦਾ ਸਾਧਨ ਨਹੀਂ ਹਨ ਸਗੋਂ ਇਹ ਮਹੱਤਵਪੂਰਨ ਡਿਜੀਟਲ ਡਾਟਾ ਦੇ ਸਰੋਤ ਵੀ ਹਨ। ਐੱਨ.ਐੱਫ.ਐੱਸ.ਯੂ. ਦੀ ਡਰੋਨ ਫੋਰੈਂਸਿਕ ਲੈਬ ਫੜੇ ਗਏ ਡਰੋਨਾਂ ਦੇ ‘ਫਲਾਈਟ ਲੌਗ’ ਨੂੰ ਡੀਕੋਡ ਕਰ ਸਕਦੀ ਹੈ। ਇਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਡਰੋਨ ਨੇ ਕਿਥੋਂ ਉਡਾਣ ਭਰੀ ਸੀ ਅਤੇ ਉਸ ਦਾ ਰਿਮੋਟ ਕੰਟਰੋਲਰ ਕਿਥੇ ਸੀ। ਡਰੋਨ ਦੇ ਸਰਕਟ ਅਤੇ ਚਿਪਸ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਦੇ ਨਿਰਮਾਤਾਵਾਂ ਅਤੇ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।

ਨਸ਼ੀਲੇ ਪਦਾਰਥਾਂ ਦੇ ਸਰੋਤ ਦਾ ਪਤਾ ਲਗਾਉਣਾ

ਨਸ਼ਿਆਂ ਨੂੰ ਸਿਰਫ਼ ਜ਼ਬਤ ਕਰਨਾ ਹੀ ਕਾਫ਼ੀ ਨਹੀਂ ਹੈ, ਉਨ੍ਹਾਂ ਦੇ ਸਰੋਤ ਤੱਕ ਪਹੁੰਚਣਾ ਜ਼ਰੂਰੀ ਹੈ। ਐੱਨ.ਐੱਫ.ਐੱਸ.ਯੂ. ਦਾ ‘ਸੈਂਟਰ ਆਫ ਐਕਸੀਲੈਂਸ ਫਾਰ ਨਾਰਕੋਟਿਕਸ’ ਨਸ਼ੀਲੇ ਪਦਾਰਥਾਂ ਦੀ ਕੈਮੀਕਲ ਪ੍ਰੋਫਾਈਲਿੰਗ ਕਰਦਾ ਹੈ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਜਾਂ ਸਿੰਥੈਟਿਕ ਡਰੱਗਜ਼ ਕਿਸ ਲੈਬ ਜਾਂ ਕਿਸ ਭੂਗੋਲਿਕ ਖੇਤਰ ਵਿਚ ਤਿਆਰ ਕੀਤੇ ਗਏ ਹਨ।ਡਾਟਾ ਵਿਸ਼ਲੇਸ਼ਣ ਰਾਹੀਂ ਸਮੱਗਲਿੰਗ ਦੇ ਪੁਰਾਣੇ ਅਤੇ ਨਵੇਂ ਸੰਭਾਵਿਤ ਰੂਟਾਂ ਦਾ ਪੂਰਵ-ਅਨੁਮਾਨ ਲਗਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਿਜੀਟਲ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿਚ ਹੁਣ ਨਸ਼ਾ ਸਮੱਗਲਰ ‘ਡਾਰਕ ਵੈੱਬ’ ਅਤੇ ‘ਐਨਕ੍ਰਿਪਟਡ ਮੈਸੇਜਿੰਗ ਐਪਸ’ (ਗੁਪਤ ਸੁਨੇਹੇ ਭੇਜਣ ਵਾਲੀਆਂ ਐਪਾਂ) ਦੀ ਵਰਤੋਂ ਕਰ ਰਹੇ ਹਨ। ਐੱਨ. ਐੱਫ. ਐੱਸ. ਯੂ. ਦੀ ਸਾਈਬਰ ਫੋਰੈਂਸਿਕ ਟੀਮ ਇਨ੍ਹਾਂ ਅਪਰਾਧੀਆਂ ਦੇ ਡਿਜੀਟਲ ਨਿਸ਼ਾਨਾਂ ਨੂੰ ਟਰੈਕ ਕਰਨ ਅਤੇ ਉਨ੍ਹਾਂ ਦੇ ਵਿੱਤੀ ਨੈੱਟਵਰਕ ਨੂੰ ਤੋੜਨ ਵਿਚ ਪੰਜਾਬ ਪੁਲਸ ਦੀ ਮਦਦ ਕਰ ਸਕਦੀ ਹੈ।

ਸੁਰੱਖਿਆ ਬਲਾਂ ਦੀ ਸਿਖਲਾਈ

ਐੱਨ. ਐੱਫ. ਐੱਸ. ਯੂ. ਪੰਜਾਬ ਪੁਲਸ ਅਤੇ ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਅਧਿਕਾਰੀਆਂ ਨੂੰ ‘ਨਾਰਕੋ-ਫੋਰੈਂਸਿਕ’ ਅਤੇ ‘ਸਮਾਰਟ ਪੁਲਿਸਿੰਗ’ ਵਿਚ ਵਿਸ਼ੇਸ਼ ਸਿਖਲਾਈ ਦੇ ਸਕਦਾ ਹੈ, ਤਾਂ ਜੋ ਉਹ ਘਟਨਾ ਸਥਾਨ ਤੋਂ ਸਬੂਤਾਂ ਨੂੰ ਵਿਗਿਆਨਕ ਤਰੀਕੇ ਨਾਲ ਇਕੱਠਾ ਕਰ ਸਕਣ। ਇਸ ਨਾਲ ਅਦਾਲਤ ’ਚ ਅਪਰਾਧੀਆਂ ਨੂੰ ਸਜ਼ਾ ਦਿਵਾਉਣਾ ਆਸਾਨ ਹੋ ਜਾਵੇਗਾ। ਹਾਲਾਂਕਿ, ਪੰਜਾਬ ਸਰਕਾਰ ਪਹਿਲਾਂ ਹੀ ਆਪਣੇ ਅਧਿਕਾਰੀਆਂ ਨੂੰ ਇਥੇ ਸਿਖਲਾਈ ਲਈ ਭੇਜ ਰਹੀ ਹੈ ਅਤੇ ‘ਬਾਜ਼ ਅੱਖ’ ਵਰਗੇ ਐਂਟੀ-ਡਰੋਨ ਸਿਸਟਮ ਵੀ ਤਾਇਨਾਤ ਕੀਤੇ ਹਨ ਪਰ ਐੱਨ. ਐੱਫ. ਐੱਸ. ਯੂ. ਨਾਲ ਤਕਨੀਕੀ ਸਹਿਯੋਗ ਰਾਹੀਂ ਇਸ ਸੁਰੱਖਿਆ ਚੱਕਰ ਨੂੰ ਹੋਰ ਵੀ ਵਿਗਿਆਨਕ ਅਤੇ ਮਜ਼ਬੂਤ ਬਣਾਇਆ ਜਾ ਸਕਦਾ ਹੈ।

ਜੰਮੂ-ਕਸ਼ਮੀਰ ਦੀ ਤਰਜ਼ ’ਤੇ ਪੰਜਾਬ ਲਈ ਵੀ ਲਾਹੇਵੰਦ ਮੋਬਾਈਲ ਫੋਰੈਂਸਿਕ ਵੈਨ

ਡਾ. ਵਿਆਸ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 23 ਮੋਬਾਈਲ ਫੋਰੈਂਸਿਕ ਵੈਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵੈਨਾਂ ਦਾ ਉਦੇਸ਼ ਅਪਰਾਧ ਵਾਲੀਆਂ ਥਾਵਾਂ ’ਤੇ ਮਾਹਿਰਾਂ ਨੂੰ ਆਧੁਨਿਕ ਉਪਕਰਨਾਂ ਸਮੇਤ ਭੇਜਣਾ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਇਨ੍ਹਾਂ ਫੋਰੈਂਸਿਕ ਵੈਨਾਂ ਕਾਰਨ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸੁਧਾਰਨ ’ਚ ਮਦਦ ਮਿਲ ਰਹੀ ਹੈ। ਮੋਬਾਈਲ ਵੈਨ ਵਿਚ ਮੌਜੂਦ ਆਧੁਨਿਕ ਉਪਕਰਨ ਡਿੱਗੇ ਹੋਏ ਡਰੋਨਾਂ ਦੇ ਡਿਜੀਟਲ ਫੁੱਟਪ੍ਰਿੰਟਸ (ਨਿਸ਼ਾਨਾਂ) ਅਤੇ ਡਾਟਾ ਨੂੰ ਤੁਰੰਤ ਰਿਕਵਰ ਕਰਨ ਵਿਚ ਮਦਦ ਕਰ ਸਕਦੇ ਹਨ। ਪੰਜਾਬ ਦੇ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਫੋਰੈਂਸਿਕ ਲੈਬ ਤੱਕ ਪਹੁੰਚਣ ਵਿਚ ਸਮਾਂ ਲੱਗਦਾ ਹੈ। ਅਜਿਹੇ ਵਿਚ ਮੋਬਾਈਲ ਵੈਨ ਸਿੱਧਾ ਘਟਨਾ ਸਥਾਨ ’ਤੇ ਪਹੁੰਚ ਕੇ ਸਬੂਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *