ਪਟਿਆਲਾ ਲਾਅ ਯੂਨੀਵਰਸਿਟੀ ਤੋਂ ‘ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ, ਕਾਂਗਰਸ ‘ਚ ਉਬਾਲ

ਗੁਰਪ੍ਰੀਤ ਸਿੰਘ :- ਪੰਜਾਬ ਦੇ ਪਟਿਆਲਾ ਵਿੱਚ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (RGNUL) ਦੀ ਅਕਾਦਮਿਕ ਕੌਂਸਿਲ ਨੇ ਯੂਨੀਵਰਸਿਟੀ ਦੇ ਨਾਮ ਵਿੱਚੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਸਿਫਾਰਸ਼ ਕੀਤੀ ਹੈ। ਪ੍ਰਸਤਾਵ ਅਨੁਸਾਰ ਯੂਨੀਵਰਸਿਟੀ ਦਾ ਨਵਾਂ ਨਾਮ ਸਿਰਫ਼ “ਨੇਸ਼ਨਲ ਲਾਅ ਯੂਨੀਵਰਸਿਟੀ” ਰੱਖਿਆ ਜਾ ਸਕਦਾ ਹੈ।

ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਜਯਸ਼ੰਕਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਪ੍ਰਸਤਾਵ ਅਕਾਦਮਿਕ ਕੌਂਸਿਲ ਵਿੱਚ ਪਾਸ ਹੋ ਚੁੱਕਾ ਹੈ। ਹੁਣ ਇਸ ਨੂੰ ਕਾਰਜਕਾਰੀ ਕੌਂਸਿਲ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਹ ਯੂਨੀਵਰਸਿਟੀ 2006 ਵਿੱਚ ਪੰਜਾਬ ਸਰਕਾਰ ਵੱਲੋਂ “ਰਾਜੀਵ ਗਾਂਧੀ ਨੇਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਐਕਟ” ਤਹਿਤ ਸਥਾਪਿਤ ਕੀਤੀ ਗਈ ਸੀ। ਦੱਸ ਦਈਏ ਨਵੰਬਰ 2024 ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਕੋਲ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪਿਛੋਕੜ ਵਿੱਚ ਇਹ ਨਾਮ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਾਮ ਬਦਲਣ ਦੀਆਂ ਚਰਚਾਵਾਂ ਕਾਰਣ ਪੰਜਾਬ ਕਾਂਗਰਸ ਦੇ ਲੀਡਰਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਕਾਂਗਰਸ ਦੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ ਇਹ ਬਹੁਤ ਥੱਲੜੇ ਪੱਧਰ ਦੀਆਂ ਗੱਲਾਂ ਹਨ। ਜੇਕਰ ਕੁੱਝ ਕਰਕੇ ਵਿਖਾਉਣਾ ਹੈ ਤਾਂ ਪੰਜਾਬ ਦੀ ਤਰੱਕੀ ਲਈ ਕੰਮ ਕਰੋ ਜੋ ਹਰ ਪਾਸੇ ਪਿਛੜਦਾ ਜਾ ਰਿਹਾ ਹੈ। ਸਰਕਾਰ ਤਾਂ ਇਸ਼ਤਿਹਾਰਾਂ ਵਿੱਚ ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਦਾਅਵਾ ਕਰਦੀ ਹੈ ਪਰ ਅਸਲੀਅਤ ਸਭ ਨੂੰ ਪਤਾ ਹੈ।’

‘ਰਾਣਾ ਗੁਰਜੀਤ ਨੇ ਸਾਧੇ ਨਿਸ਼ਾਨੇ’

ਰਾਹੁਲ ਦੀ ਰੈਲੀ ਲਈ ਬਰਨਾਲਾ ਪਹੁੰਚੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦਾ ਨਾਮ ਬਦਲਣ ਸਬੰਧੀ ਮਾਮਲੇ ਨੂੰ ਲੈਕੇ ਕਿਹਾ ਕਿ ‘ਜੇਕਰ ਨਾਮ ਬਦਲਣ ਨਾਲ ਹੀ ਯੂਨੀਵਰਸਿਟੀ ਦੀ ਸ਼ੋਭਾ ਵਧੇਗੀ ਤਾਂ ਅਜਿਹਾ ਕੁੱਝ ਵੀ ਨਹੀਂ ਹੋਣ ਵਾਲਾ ਕਿਉਂਕਿ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਚੰਗੇ ਪ੍ਰਬੰਧ ਹੋਣੇ ਲਾਜ਼ਮੀ ਹਨ। ਯੂਨੀਵਰਸਿਟੀ ਲਈ ਗ੍ਰਾਂਟ ਅਤੇ ਵਧੀਆ ਸਹੂਲਤਾਂ ਹੀ ਸਭ ਕੁੱਝ ਹਨ, ਨਾਮ ਬਦਲ ਕੇ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ।’

ਐਕਸ ਰਾਹੀਂ ਪੋਸਟ ਕਰਦਿਆਂ ਸੀਨੀਅਰ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਨੇ ਆਖਿਆ ਕਿ ‘ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ’ ਤੋਂ ਹਟਾਉਣ ਦਾ ਪ੍ਰਸਤਾਵ ਉਨ੍ਹਾਂ ਸਾਰਿਆਂ ਦੀ ਘਟੀਆ ਮਾਨਸਿਕਤਾ ਦੀ ਝਲਕ ਦਿੰਦਾ ਹੈ ਜੋ ਇਸ ਦੇ ਪਿੱਛੇ ਹਨ। ਰਾਜੀਵ ਗਾਂਧੀ ਨਾ ਸਿਰਫ਼ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਨ, ਸਗੋਂ ਉਨ੍ਹਾਂ ਨੇ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਅਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਨਾਮ ਹਟਾਉਣਾ ਸਿਰਫ਼ ਇੱਕ ਸਸਤੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੇਕਰ ਸੱਤਾਧਾਰੀ ‘ਆਪ’ ਆਪਣੇ ਸਲਾਹਕਾਰ ਭਾਜਪਾ ਵਾਂਗ ਵਿਸ਼ਵਾਸ ਕਰਦੀ ਹੈ ਕਿ ਉਹ ਸ਼ਹਾਦਤ ਅਤੇ ਕੁਰਬਾਨੀ ਦੀ ਮਹਾਨ ਅਤੇ ਸ਼ਾਨਦਾਰ ਵਿਰਾਸਤ ਨੂੰ ਖਤਮ ਕਰ ਸਕਦੀ ਤਾਂ ਇਹ ਸੱਚ ਹੈ।’

By Gurpreet Singh

Leave a Reply

Your email address will not be published. Required fields are marked *