ਅੰਤਰਰਾਸ਼ਟਰੀ ਫਲਾਈਟਾਂ ਨੂੰ ਲੈ ਕੇ ਅਹਿਮ ਖ਼ਬਰ, ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ, ਦੇਖੋ ਰਿਪੋਰਟ

ਗੁਰਪ੍ਰੀਤ ਸਿੰਘ :- ਵਿਸ਼ਵ ਪੱਧਰ ’ਤੇ ਈਰਾਨ-ਇਜ਼ਰਾਈਲ ਯੁੱਧ ਅਤੇ ਅਫ਼ਗਾਨਿਸਤਾਨ-ਪਾਕਿਸਤਾਨ ਵਿਚ ਚੱਲ ਰਹੇ ਫ਼ੌਜੀ ਆਪ੍ਰੇਸ਼ਨਾਂ ਕਾਰਨ ਏਸ਼ੀਆ ਅਤੇ ਮਿਡਲ ਈਸਟ (ਮੱਧ-ਪੂਰਬ) ਦੇ ਦੇਸ਼ਾਂ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦਾ ਸਿੱਧਾ ਅਸਰ ਹਵਾਈ ਸੇਵਾਵਾਂ ’ਤੇ ਪੈ ਰਿਹਾ ਹੈ, ਜਿਸ ਕਾਰਨ ਜਹਾਜ਼ ਕੰਪਨੀਆਂ ਨੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਕਾਰਨ ਵੱਡੀ ਗਿਣਤੀ ਵਿਚ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ ਹਨ।

ਏਅਰਪੋਰਟ ਪ੍ਰਸ਼ਾਸਨ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਦੇ ਡਾਇਰੈਕਟਰ ਭੂਪੇਂਦਰ ਸਿੰਘ ਨੇ ਦੱਸਿਆ ਕਿ ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾ ਰਹੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀ, ਕਰਮਚਾਰੀ ਅਤੇ ਸੀ.ਆਈ.ਐੱਸ.ਐੱਫ. ਦੇ ਜਵਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਡਲ ਈਸਟ ਦੀਆਂ ਉਡਾਣਾਂ ਵਿਚ ਕੁਝ ਅਨਿਸ਼ਚਿਤਤਾ ਜ਼ਰੂਰ ਹੈ, ਪਰ ਸਾਊਥ-ਈਸਟ ਦੀਆਂ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਪੂਰੀ ਪਾਰਦਰਸ਼ਤਾ ਨਾਲ ਗਾਈਡ ਕਰਨ ਦਾ ਪ੍ਰੋਗਰਾਮ ਤਿਆਰ ਕੀਤਾ ਹੈ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਰੱਦ ਹੋਈਆਂ ਮੁੱਖ ਉਡਾਣਾਂ

ਹਵਾਈ ਖੇਤਰ ’ਤੇ ਲੱਗੀਆਂ ਪਾਬੰਦੀਆਂ ਕਾਰਨ ਹੇਠ ਲਿਖੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ:

–ਏਅਰ ਇੰਡੀਆ ਐਕਸਪ੍ਰੈੱਸ : ਅੰਮ੍ਰਿਤਸਰ ਦੀਆਂ 4 ਉਡਾਣਾਂ (192/138/137/191) ਰੱਦ।

-ਸਪਾਈਸਜੈੱਟ: ਅੰਮ੍ਰਿਤਸਰ ਤੋਂ ਦੁਬਈ (ਐੱਸ.ਜੀ. 56/55) ਅਤੇ ਦੁਬਈ ਲਈ ਹੋਰ ਉਡਾਣਾਂ ਰੱਦ।

-ਏਅਰ ਇੰਡੀਆ: ਅੰਮ੍ਰਿਤਸਰ ਤੋਂ ਲੰਡਨ (ਗੈਟਵਿਕ) ਜਾਣ ਵਾਲੀ ਉਡਾਣ (ਏ. ਆਈ.-169) ਅਤੇ ਵਾਪਸੀ (ਏ. ਅਾਈ.-170) ਰੱਦ।

–ਇੰਡੀਗੋ: ਸ਼ਾਰਜਾਹ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਉਡਾਣਾਂ (1427/28) ਰੱਦ।

–ਕਤਰ ਏਅਰਵੇਜ਼: ਦੋਹਾ-ਅੰਮ੍ਰਿਤਸਰ ਉਡਾਣ ’ਤੇ ਅਸਰ।

ਹੋਰ: ਦਿੱਲੀ, ਮੁੰਬਈ, ਬੈਂਗਲੁਰੂ ਅਤੇ ਹੈਦਰਾਬਾਦ ਦੀਆਂ ਕਈ ਉਡਾਣਾਂ ਵੀ ਪ੍ਰਭਾਵਿਤ।

ਯਾਤਰੀਆਂ ਨੂੰ ਰਿਫੰਡ ਅਤੇ ਬਦਲਵੇਂ ਪ੍ਰਬੰਧ

ਏਅਰਪੋਰਟ ਪ੍ਰਸ਼ਾਸਨ ਅਨੁਸਾਰ, ਪ੍ਰਭਾਵਿਤ ਯਾਤਰੀਆਂ ਨੂੰ ਏਅਰਲਾਈਨਾਂ ਵੱਲੋਂ ਬਦਲਵੀਆਂ ਉਡਾਣਾਂ ਜਾਂ ਰਿਫੰਡ ਦੇ ਬਦਲ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸੇ ਤਣਾਅ ਕਾਰਨ ਦਿੱਲੀ ਏਅਰਪੋਰਟ ਤੋਂ ਵੀ ਅੱਜ ਕੁੱਲ 138 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਦਕਿ ਕੁਆਲਾਲੰਪੁਰ ਅਤੇ ਸਿੰਗਾਪੁਰ ਦੀਆਂ ਉਡਾਣਾਂ ਨਿਰਵਿਘਨ ਜਾਰੀ ਹਨ।

By Gurpreet Singh

Leave a Reply

Your email address will not be published. Required fields are marked *