ਜਲੰਧਰ – ਜਲੰਧਰ-ਪਠਾਨਕੋਟ ਹਾਈਵੇਅ ‘ਤੇ ਪੰਜਾਬੀ ਬਾਗ ਨੇੜੇ ਦੋ ਟਰੱਕਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਈਵੇਅ ‘ਤੇ ਨੁਕਸਾਨੇ ਗਏ ਵਾਹਨਾਂ ਕਾਰਨ ਕਾਫ਼ੀ ਸਮਾਂ ਲੰਬਾ ਜਾਮ ਲੱਗਿਆ ਰਿਹਾ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਿਲਡਿੰਗ ਮਟੀਰੀਅਲ ਵਾਲੇ ਇਕ ਮਿਕਸਰ ਟਰੱਕ ਨੇ ਅਚਾਨਕ ਬਰੇਕ ਲਗਾ ਦਿੱਤੀ। ਇਸ ਦੇ ਪਿੱਛੇ ਚੱਲ ਰਿਹਾ ਗੈਸ ਸਿਲੰਡਰਾਂ ਨਾਲ ਲੱਦਿਆ ਟਰੱਕ ਉਸ ਨਾਲ ਜਾ ਟਕਰਾਇਆ। ਸਿਲੰਡਰਾਂ ਵਾਲੇ ਟਰੱਕ ਦੇ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ, ਇਸ ਦੌਰਾਨ ਅੱਗੇ ਚੱਲ ਰਹੇ ਮਿਕਸਰ ਟਰੱਕ ਦੇ ਅਚਾਨਕ ਬਰੇਕ ਮਾਰਨ ਕਾਰਨ ਉਹ ਆਪਣੇ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ।

ਰਾਹਗੀਰਾਂ ਨੇ ਦੱਸਿਆ ਕਿ ਟੱਕਰ ਇੰਨੀ ਜ਼ੋਰਦਾਰ ਸੀ ਕਿ ਸਾਰੇ ਡਰ ਗਏ ਸਨ। ਜੇਕਰ ਸਿਲੰਡਰਾਂ ਨਾਲ ਲੱਦਿਆ ਇਹ ਟਰੱਕ ਪਲਟ ਜਾਂਦਾ ਜਾਂ ਟੱਕਰ ਤੋਂ ਬਾਅਦ ਇਸ ਨੂੰ ਅੱਗ ਲੱਗ ਜਾਂਦੀ ਤਾਂ ਇਹ ਬਹੁਤ ਭਿਆਨਕ ਹਾਦਸਾ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਅਤੇ ਮਕਸੂਦਾਂ ਥਾਣੇ ਦੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ ਕ੍ਰੇਨ ਦੀ ਮਦਦ ਨਾਲ ਨੁਕਸਾਨੇ ਗਏ ਟਰੱਕਾਂ ਨੂੰ ਸੜਕ ਦੇ ਵਿਚਕਾਰੋਂ ਹਟਾਇਆ ਅਤੇ ਲਗਭਗ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਜਾਮ ਖੁੱਲ੍ਹਵਾ ਕੇ ਆਵਾਜਾਈ ਬਹਾਲ ਕਰਵਾਈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ
