ਸ਼ਹੀਦਾਂ ਦੇ ਸ਼ਤਾਬਦੀ ਦਿਹਾੜੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ : ਜਥੇਦਾਰ ਗੜਗੱਜ

ਗੁਰਪ੍ਰੀਤ ਸਿੰਘ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰਾ ਸਿੰਘ ਜੀ ਦਾ ਅਤੇ ਹੋਰ ਸ਼ਹੀਦ ਸਿੱਖਾਂ ਦੇ 300 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਹਾਲ ਵਿਖੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਜਿਨ੍ਹਾਂ ਸਿੱਖ ਸੂਰਮਿਆਂ ਦੀ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ, ਉਨ੍ਹਾਂ ਨੇ ਸਿੱਖ ਸਿਧਾਂਤਾਂ ‘ਤੇ ਪਹਿਰਾ ਦਿੰਦਿਆਂ ਕੇਸਾਂ ਦੇ ਸਤਿਕਾਰ ਲਈ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅੱਜ ਆਪਣੇ ਬੱਚਿਆਂ ਨੂੰ ਸਾਬਤ ਸੂਰਤ ਰੱਖਣ ਦਾ ਪ੍ਰਣ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦਿਆਂ ਧਰਮ ਦੇ ਪ੍ਰਚਾਰ ਲਈ ਕਾਰਜਸ਼ੀਲ ਹੈ, ਪ੍ਰੰਤੂ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਸਿੱਖ ਸੰਸਥਾ ਬਾਰੇ ਗਲਤ ਪ੍ਰਚਾਰ ਕਰਕੇ ਸੰਗਤਾਂ ਅੰਦਰ ਭਰਮ ਪੈਦਾ ਕੀਤਾ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੰਦੀ ਸਿੰਘਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਤਿੰਨ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਇਨ੍ਹਾਂ ਸਿੰਘਾਂ ਪ੍ਰਤੀ ਸਰਕਾਰ ਦੀ ਵਿਤਕਰੇ ਭਰੀ ਨੀਤੀ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਵੀ ਸਤਿਕਾਰ ਭੇਟ ਕੀਤਾ। ਉਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸਹਿਯੋਗ ਕਰਨ ਲਈ ਸੰਗਤਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਾਝੇ ਦੀ ਇਸ ਧਰਤੀ `ਤੇ ਅਨੇਕਾਂ ਸੂਰਬੀਰ ਪੈਦਾ ਹੋਏ ਜਿਨ੍ਹਾਂ ਜ਼ੁਲਮ ਵਿਰੁੱਧ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਿਧਾਂਤ ਤੇ ਪਹਿਰਾ ਦਿੰਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਇਨ੍ਹਾਂ ਸੂਰਮਿਆਂ ਦੇ ਮਨਾਏ ਦਿਹਾੜੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਦੀ ਯਾਦ ਦਿਵਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖਾਂ ਸਾਹਮਣੇ ਅਨੇਕਾਂ ਚੁਣੌਤੀਆਂ ਹਨ। ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਸਮੇਂ ਕਕਾਰ ਪਹਿਨਣ ਤੋਂ ਰੋਕਿਆ ਜਾ ਰਿਹਾ ਹੈ, ਵੱਖ-ਵੱਖ ਥਾਵਾਂ ਤੇ ਵਿਤਕਰੇ ਹੋ ਰਹੇ ਹਨ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਪਾਖੰਡੀ ਸਾਧ ਰਾਮ ਰਹੀਮ ਤੇ ਤਾਂ ਸਰਕਾਰ ਮਿਹਰਬਾਨ ਹੋ ਸਕਦੀ ਹੈ, ਪਰ ਆਪਣੀ ਬਿਮਾਰ ਮਾਂ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨਾਲ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ। ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਹਮੇਸ਼ਾ ਅਣਗੌਲਿਆ ਗਿਆ ਹੈ ਜੋ ਸਰਕਾਰ ਦੀ ਸਿੱਖਾਂ ਪ੍ਰਤੀ ਦੋਹਰੀ ਨੀਤੀ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਈ ਵੀ ਸਿੱਖਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਲੰਬੇ ਸੰਘਰਸ਼ ਮਗਰੋਂ ਵੀ ਸਰਕਾਰ ਦੀ ਖਾਮੋਸ਼ੀ ਵੱਡੇ ਸਵਾਲ ਪੈਦਾ ਕਰਦੀ ਹੈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਕਥਾਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ। ਸਮਾਗਮ ਦੌਰਾਨ ਪਦਮਸ਼੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਬਾਬਾ ਅਵਤਾਰ ਸਿੰਘ ਸੁਰਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਗੁਰਦਿਆਲ ਸਿੰਘ ਤੇ ਭਾਈ ਕੰਵਰਚੜਤ ਸਿੰਘ ਨੇ ਵੀ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸਤਿਕਾਰ ਭੇਟ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਬਚਨ ਸਿੰਘ ਕਰਮੂੰਵਾਲਾ, ਅਮਰਜੀਤ ਸਿੰਘ ਭਲਾਈਪੁਰ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਓਐਸਡੀ ਸਤਬੀਰ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸਾਹਬਾਜ਼ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਹਰਭਜਨ ਸਿੰਘ ਵਕਤਾ,  ਸੁਖਬੀਰ ਸਿੰਘ, ਅਕਾਲੀ ਆਗੂ ਬੀਬੀ ਕੰਚਨਪ੍ਰੀਤ ਕੌਰ, ਸਾਬਕਾ ਸਕੱਤਰ ਹਰਭਜਨ ਸਿੰਘ ਮਨਾਵਾਂ, ਸੁਖਦੇਵ ਸਿੰਘ ਭੂਰਾ ਕੋਹਨਾ, ਸ਼੍ਰੋਮਣੀ ਕਮੇਟੀ ਦੇ ਕਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਰਜਿੰਦਰ ਸਿੰਘ ਰੂਬੀ, ਮੈਨੇਜਰ ਧਰਮਿੰਦਰ ਸਿੰਘ, ਮੈਨੇਜਰ ਜੱਜ ਸਿੰਘ, ਪ੍ਰਚਾਰਕ ਭਾਈ ਲਖਬੀਰ ਸਿੰਘ ਕੱਕਾ ਕੰਡਿਆਲਾ, ਭਾਈ ਗੁਰਬਚਨ ਸਿੰਘ ਕਲਸੀਆ, ਭਾਈ ਸੁਖਪਾਲ ਸਿੰਘ ਠੱਠਾ, ਬਲਜੀਤ ਸਿੰਘ, ਸਰਪੰਚ ਰਣਜੀਤ ਸਿੰਘ, ਜਥੇਦਾਰ ਵਜੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *