ਬਾਘਾ ਪੁਰਾਣਾ ਬਲਾਕ ਸੰਮਤੀ ਚੇਅਰਮੈਨ ਦੀ ਚੋਣ ‘ਤੇ ਸਸਪੈਂਸ ਬਰਕਰਾਰ!

ਗੁਰਪ੍ਰੀਤ ਸਿੰਘ :- ਬਲਾਕ ਸੰਮਤੀ ਚੇਅਰਮੈਨ ਦੀ ਚੋਣ ਨੂੰ ਲੈ ਕੇ ਅੱਜ ਫਿਰ ਸਿਆਸੀ ਮਾਹੌਲ ਤਪ ਗਿਆ ਹੈ। ਪਹਿਲਾਂ ਹੀ ਦੋ ਵਾਰ ਚੋਣ ਰੱਦ ਹੋ ਚੁੱਕੀ ਹੈ, ਜਿਸ ਕਾਰਨ ਅੱਜ ਹੋਣ ਵਾਲੀ ਮੀਟਿੰਗ ‘ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਮੀਟਿੰਗ ਦਾ ਸਮਾਂ ਦੁਪਹਿਰ 3 ਵਜੇ ਰੱਖਿਆ ਗਿਆ ਹੈ, ਪਰ ਸਵੇਰੇ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਠੀਕ ਸਵੇਰੇ 9 ਵਜੇ ਹੀ ਆਪਣੇ ਸਮਰਥਕਾਂ ਨਾਲ ਮੀਟਿੰਗ ਹਾਲ ਵਿੱਚ ਪਹੁੰਚ ਗਏ। ਕੁੱਲ 15 ਚੁਣੇ ਹੋਏ ਮੈਂਬਰਾਂ ਵਿੱਚੋਂ 13 ਅਕਾਲੀ ਦਲ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ, ਜਦਕਿ 2 ਹੋਰ ਮੈਂਬਰ ਵੀ ਮੌਜੂਦ ਹਨ। ਬਲਾਕ ਸੰਮਤੀ ਦਫਤਰ ਦੇ ਬਾਹਰ ਵੀ ਮਾਹੌਲ ਕਾਫੀ ਗਰਮ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਇਕੱਠੇ ਹੋਏ। 

ਇਸ ਮੌਕੇ ‘ਤੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਜਿੱਤੇ ਹੋਏ ਮੈਂਬਰਾਂ ਨੂੰ ਆਪਣੀ ਮਰਜ਼ੀ ਨਾਲ ਚੇਅਰਮੈਨ ਚੁਣਨ ਦਾ ਪੂਰਾ ਹੱਕ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੋਈ ਵੀ ਸਿਆਸੀ ਦਖਲਅੰਦਾਜ਼ੀ ਨਾ ਕਰੇ।” ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਚੋਣ ਰੱਦ ਹੋ ਚੁੱਕੀ ਹੈ, ਉਧਰ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ  ਸਿੰਘ ਮਾਹਲਾ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਅਕਾਲੀ ਦਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਬੇਸ਼ੱਕ ਉਨ੍ਹਾਂ ਨੂੰ ਧਰਨੇ ਮੁਜ਼ਾਹਰੇ ਕਿਉਂ ਨਾ ਕਰਨੇ ਪੈਣ ਜਿਸ ਕਾਰਨ ਸਿਆਸੀ ਤਣਾਅ ਗਰਮ  ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅੱਜ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੁੰਦੀ ਹੈ ਜਾਂ ਫਿਰ ਇਕ ਵਾਰ ਫਿਰ ਟਲਦੀ ਹੈ। ਫਿਲਹਾਲ ਸਾਰੀਆਂ ਨਿਗਾਹਾਂ 3 ਵਜੇ ਹੋਣ ਵਾਲੀ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ।

By Gurpreet Singh

Leave a Reply

Your email address will not be published. Required fields are marked *