ਲੁਧਿਆਣਾ ਦੇ ਕਾਰੋਬਾਰੀ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਗੋਲਡੀ ਬਰਾੜ ਦੇ ਨਾਮ `ਤੇ ਮੰਗੇ ਪੈਸੇ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਕਾਰੋਬਾਰੀਆਂ ਨੂੰ ਗੈਂਗਸਟਰਾਂ ਦੇ ਨਾਂ ‘ਤੇ ਧਮਕੀਆਂ ਮਿਲਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ਲੁਧਿਆਣੇ ਤੋਂ ਆਇਆ ਹੈ। ਜਿੱਥੇ ਇੱਕ ਜਵੈਲਰ ਕਾਰੋਬਾਰੀ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਮੈਸੇਜ ਮਿਲਿਆ ਹੈ, ਜਿਸ ਵਿੱਚ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਸਰਾਫਾ ਬਾਜ਼ਾਰ ਵਿੱਚ ਜਵੇਲਰੀ ਸ਼ਾਪ ਚਲਾਉਣ ਵਾਲੇ ਤੂਸ਼ਾਰ ਭੰਡਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 12 ਮਾਰਚ ਨੂੰ ਉਸਦੇ ਮੋਬਾਈਲ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਮੈਸੇਜ ਆਇਆ, ਜਿਸ ਵਿੱਚ 5 ਕਰੋੜ ਰੁਪਏ ਦੀ ਮੰਗ ਕੀਤੀ ਗਈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਸੇਜ ਤੋਂ ਕੁਝ ਸਮੇਂ ਬਾਅਦ ਉਸੇ ਨੰਬਰ ਤੋਂ ਦੋ ਵਾਰ ਮਿਸ ਕਾਲ ਵੀ ਆਈ। ਇਸ ਤੋਂ ਬਾਅਦ ਵਟਸਐਪ ‘ਤੇ ਇੱਕ ਤਸਵੀਰ ਭੇਜੀ ਗਈ ਜਿਸ ਵਿੱਚ ਹਥਿਆਰ ਦੇ ਨਾਲ “ਗੋਲਡੀ ਬਰਾੜ” ਦਾ ਨਾਂ ਲਿਖਿਆ ਹੋਇਆ ਸੀ, ਜਿਸ ਨਾਲ ਕਾਰੋਬਾਰੀ ਵਿੱਚ ਡਰ ਦਾ ਮਾਹੌਲ ਬਣ ਗਿਆ।

ਘਟਨਾ ਤੋਂ ਬਾਅਦ ਜਵੇਲਰ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਥਾਣਾ ਪੀ.ਏ.ਯੂ. ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਵਿਦੇਸ਼ੀ ਨੰਬਰ ਦੀ ਟੈਕਨੀਕਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੈਸੇਜ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

By Gurpreet Singh

Leave a Reply

Your email address will not be published. Required fields are marked *