ਪੰਜਾਬ ਵੀ ਲਾਏਗਾ ਹਿਮਾਚਲ ਦੇ ਵਪਾਰਕ ਵਾਹਨਾਂ ’ਤੇ ਟੌਲ ਟੈਕਸ

ਗੁਰਪ੍ਰੀਤ ਸਿੰਘ :- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਕੇਤ ਦਿੱਤਾ ਹੈ ਕਿ ਸੂਬਾ ਵੀ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਪਾਰਕ ਵਾਹਨਾਂ ’ਤੇ ਟੌਲ ਟੈਕਸ ਲਗਾਏਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਕੌਮੀ ਸ਼ਾਹਰਾਹਾਂ ’ਤੇ ਲਗਾਏ ਗਏ ਐਂਟਰੀ ਟੈਕਸ ਵਿਰੁੱਧ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ, ਕਿਉਂਕਿ ਇਹ ਕੌਮੀ ਸੜਕਾਂ ਹਨ ਅਤੇ ਕਿਸੇ ਸੂਬੇ ਵੱਲੋਂ ਇਨ੍ਹਾਂ ਉੱਤੇ ਟੈਕਸ ਲਗਾਉਣਾ ਗੈਰ-ਕਾਨੂੰਨੀ ਹੈ।

ਸ੍ਰੀ ਬੈਂਸ ਜੋ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੀ ਹਿਮਾਚਲ ਵਿੱਚ ਰਜਿਸਟਰਡ ਵਪਾਰਕ ਵਾਹਨਾਂ ’ਤੇ ਦਾਖ਼ਲਾ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ, ‘‘ਅਸੀਂ ਹਿਮਾਚਲ ਪ੍ਰਦੇਸ਼ ਦੇ ਆਮ ਲੋਕਾਂ ’ਤੇ ਟੈਕਸ ਨਹੀਂ ਲਗਾਉਣਾ ਚਾਹੁੰਦੇ, ਪਰ ਵਪਾਰਕ ਵਾਹਨਾਂ ’ਤੇ ਇਹ ਟੈਕਸ ਲਗਾਇਆ ਜਾਵੇਗਾ।’
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲਾ ਟੈਕਸ ’ਚ ਹੋਣ ਵਾਲਾ ਵਾਧਾ ਪਹਿਲੀ ਅਪਰੈਲ ਤੋਂ ਲਾਗੂ ਹੋ ਰਿਹਾ ਹੈ। ਹਿਮਾਚਲ ਦੇ ਦਾਖ਼ਲਾ ਟੈਕਸ ਵਿਰੁੱਧ ਲੜ ਰਹੇ ਸੰਘਰਸ਼ ਮੋਰਚਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਦਾਖ਼ਲਾ ਟੈਕਸ ਦੇ ਵਿਰੋਧ ਵਿੱਚ ਨੰਗਲ ਦੇ ਵਸਨੀਕ ਚੱਕਾ ਜਾਮ ਕਰਨਗੇ। ਉੱਧਰ, ਊਨਾ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਦਾ ਤਰਕ ਹੈ ਕਿ ਦਾਖ਼ਲਾ ਟੈਕਸ ਵਧਾਉਣ ਨਾਲ ਹਿਮਾਚਲ ਪ੍ਰਦੇਸ਼ ਦੇ ਖਜ਼ਾਨੇ ਵਿੱਚ ਕੋਈ ਖਾਸ ਵਾਧਾ ਨਹੀਂ ਹੋ ਰਿਹਾ, ਸਗੋਂ ਆਮ ਜਨਤਾ ’ਤੇ ਬੋਝ ਪੈ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *