ਤੁਸੀਂ ਵੀ ਰਹੋ ਥੋੜ੍ਹਾ ਸਾਵਧਾਨ! ਪੰਜਾਬ ‘ਚ ਡੇਟਿੰਗ ਐਪਸ ਬਣੇ ਵੱਡਾ ਖ਼ਤਰਾ, ਇੰਝ ਚੱਲ ਰਹੀ ਗੰਦੀ ਖੇਡ

ਸੁਲਤਾਨਪੁਰ ਲੋਧੀ –ਡਡਵਿੰਡੀ-ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਸਾਲ 2025–26 ਦੌਰਾਨ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਬ੍ਰਾਂਚ ਕੋਲ ਆਨਲਾਈਨ ਠੱਗੀ ਦੀਆਂ ਹਰ ਮਹੀਨੇ ਦਰਜਨਾਂ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ ਅਤੇ ਸਾਲ ਭਰ ਵਿਚ ਇਹ ਗਿਣਤੀ ਸੈਂਕੜਿਆਂ ਵਿਚ ਪਹੁੰਚ ਰਹੀ ਹੈ।

ਸਾਈਬਰ ਠੱਗਾਂ ਵੱਲੋਂ ਵਰਤੇ ਜਾ ਰਹੇ ਨਵੇਂ ਨਵੇਂ ਤੌਰ-ਤਰੀਕੇ ਵੀ ਕਾਫ਼ੀ ਚਲਾਕੀ ਭਰੇ ਹਨ। ਠੱਗ ਪਹਿਲਾਂ ਫੇਸਬੁੱਕ, ਇੰਸਟਾਗ੍ਰਾਮ, ਵਟਸਐੱਪ ਅਤੇ ਡੇਟਿੰਗ ਐਪਸ ਰਾਹੀਂ ਲੋਕਾਂ ਨਾਲ ਦੋਸਤੀ ਬਣਾਉਂਦੇ ਹਨ। ਕੁਝ ਸਮੇਂ ਬਾਅਦ ਇਹ ਦੋਸਤੀ ਨੂੰ ਪਿਆਰ ਵਿਚ ਬਦਲ ਕੇ ਭਰੋਸਾ ਜਿੱਤਦੇ ਹਨ ਅਤੇ ਜਦੋਂ ਲੜਕੀ/ਲੜਕਾ ਇਨ੍ਹਾਂ ਦੇ ਜਾਲ ਵਿਚ ਪੂਰੀ ਤਰ੍ਹਾਂ ਫਸ ਜਾਂਦੇ ਹਨ ਤਾਂ ਫਿਰ ਇਹ ਵੱਖ-ਵੱਖ ਬਹਾਨਿਆਂ ਨਾਲ ਪੈਸਿਆਂ ਦੀ ਮੰਗ ਕਰਦੇ ਹਨ। ਜਿਵੇਂ ਹੀ ਇਨ੍ਹਾਂ ਨੂੰ ਪੈਸੇ ਮਿਲਦੇ ਹਨ, ਠੱਗ ਸੰਪਰਕ ਤੋੜ ਕੇ ਗਾਇਬ ਹੋ ਜਾਂਦੇ ਹਨ।

ਜਾਣਕਾਰੀ ਅਨੁਸਾਰ ਡੇਟਿੰਗ ਐਪਸ ਨਾਲ ਸੰਬੰਧਤ ਲਵ ਸਕੈਮ ਦੇ ਕੇਸਾਂ ਵਿਚ ਦਿਨੋ ਦਿਨ ਵਾਧਾ ਵੇਖਿਆ ਗਿਆ ਹੈ, ਜਿਸ ਵਿਚ ਠੱਗ ਆਪਣੇ ਆਪ ਨੂੰ ਵਿਦੇਸ਼ੀ ਨਾਗਰਿਕ ਜਾਂ ਅਮੀਰ ਵਿਅਕਤੀ ਦੱਸ ਕੇ ਨੌਜਵਾਨ ਲੜਕੇ/ ਲੜਕੀਆਂ,ਔਰਤਾਂ ਅਤੇ ਬੱਚਿਆਂ ਨੂੰ ਭਾਵਨਾਤਮਕ ਤੌਰ ’ਤੇ ਫਸਾਉਂਦੇ ਹਨ। ਇਸ ਤਰ੍ਹਾਂ ਦੇ ਕੇਸਾਂ ਵਿਚ ਸਭ ਤੋਂ ਵੱਧ ਸ਼ਿਕਾਰ ਨੌਜਵਾਨ ਲੜਕੇ/ਲੜਕੀਆਂ,ਬੱਚੇ ਅਤੇ ਔਰਤਾਂ ਹੀ ਬਣ ਰਹੀਆਂ ਹਨ। ਇਸ ਤੋਂ ਇਲਾਵਾ ਵਟਸਐੱਪ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਨਕਲੀ ਆਈ. ਡੀ. ਬਣਾ ਕੇ ਪੈਸੇ ਮੰਗਣ, ਓ. ਟੀ. ਪੀ. ਹਾਸਲ ਕਰਨ ਅਤੇ ਕਿਉਆਰ ਕੋਡ ਸਕੈਨ ਕਰਵਾ ਕੇ ਖਾਤਿਆਂ ਵਿਚੋਂ ਪੈਸੇ ਕੱਢਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਬਜੁਰਗ ਮਾਪੇ, ਛੋਟੇ ਵਪਾਰੀ ਅਤੇ ਆਮ ਲੋਕ ਵੀ ਇਸ ਠੱਗੀ ਦਾ ਨਿਸ਼ਾਨਾ ਬਣ ਰਹੇ ਹਨ।

ਏ. ਐੱਸ. ਆਈ. ਹਰਭਜਨ ਸਿੰਘ ਮੁਨਸ਼ੀ ਸਾਈਬਰ ਕ੍ਰਾਈਮ ਵਿਭਾਗ ਕਪੂਰਥਲਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਣਜਾਣ ਵਿਅਕਤੀਆਂ ਨਾਲ ਆਨਲਾਈਨ ਸੰਪਰਕ ਕਰਨ ਸਮੇਂ ਸਾਵਧਾਨ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਨਿੱਜੀ ਜਾਂ ਬੈਂਕ ਸੰਬੰਧੀ ਜਾਣਕਾਰੀ ਸਾਂਝੀ ਨਾ ਕਰਨ। ਕਿਸੇ ਵੀ ਸ਼ੱਕੀ ਮਾਮਲੇ ਵਿਚ ਤੁਰੰਤ ਸਾਈਬਰ ਹੈਲਪਲਾਈਨ 1930 ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਾਗਰੂਕਤਾ ਅਤੇ ਸਾਵਧਾਨੀ ਹੀ ਇਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਹੈ।  ਜਾਣਕਾਰੀ ਅਨੁਸਾਰ ਸਾਲ 2025–26 ਦੇ ਵਿਚ ਸੁਲਤਾਨਪੁਰ ਲੋਧੀ ਅਤੇ ਜ਼ਿਲ੍ਹਾ ਕਪੂਰਥਲਾ ਵਿਚ ਹਰ ਮਹੀਨੇ ਦਰਜਨਾਂ ਸਾਈਬਰ ਠੱਗੀ ਦੇ ਕੇਸ ਦਰਜ ਹੋ ਰਹੇ ਹਨ। ਪੂਰੇ ਸਾਲ ਵਿਚ ਇਹ ਗਿਣਤੀ ਸੈਂਕੜਿਆਂ ਵਿਚ ਪਹੁੰਚ ਰਹੀ ਹੈ। ਸੁਲਤਾਨਪੁਰ ਲੋਧੀ ਇਲਾਕਾ ਵੀ ਇਸ ਤੋਂ ਪ੍ਰਭਾਵਿਤ ਹੈ ਕਿਉਂਕਿ ਇਹ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਹੈ।

ਸਾਈਬਰ ਕ੍ਰਾਈਮ ਬ੍ਰਾਂਚ ਅਨੁਸਾਰ ਸਭ ਤੋਂ ਵੱਧ ਮਾਮਲੇ
1. ਡੇਟਿੰਗ/ਲਵ ਸਕੈਮ
ਫੇਕ ਪ੍ਰੋਫਾਈਲ (ਵਿਦੇਸ਼ੀ ਜਾਂ ਅਮੀਰ ਵਿਅਕਤੀ)
ਦੋਸਤੀ, ਪਿਆਰ, ਪੈਸਿਆਂ ਦੀ ਮੰਗ, ਗਿਫਟ ਆ ਗਿਆ, ਕਸਟਮ ਚਾਰਜ ਦਿਓ ਵਰਗੇ ਝਾਂਸੇ ਹਨ।
2. ਸੋਸ਼ਲ ਮੀਡੀਆ ਫ੍ਰਾਡ
ਫੇਸਬੁੱਕ/ਇੰਸਟਾਗ੍ਰਾਮ ’ਤੇ ਨਕਲੀ ਆਈ.ਡੀ.,
ਜਾਣ-ਪਛਾਣ ਵਾਲਿਆਂ ਦੀ ਫੇਕ ਆਈ.ਡੀ. ਬਣਾ ਕੇ ਪੈਸੇ ਮੰਗਣਾ।
3. ਵ੍ਹਟਸਐਪ ਸਕੈਮ
ਓ.ਟੀ.ਪੀ. , ਲਿੰਕ ਜਾਂ ‘ਅਰਜੇਂਟ ਹੈਲਪ’ ਦੇ ਨਾਂ ’ਤੇ ਠੱਗੀ,
ਵਪਾਰੀਆਂ ਨਾਲ ਭੁਗਤਾਨ ਫ੍ਰਾਡ।
4. ਆਨਲਾਈਨ ਪੇਮੈਂਟ ਫ੍ਰਾਡ
ਕਿਊ. ਆਰ. ਕੋਡ ਸਕੈਨ ਕਰਵਾ ਕੇ ਪੈਸੇ ਕੱਢਣਾ।
ਓਲੈਕਸ/ਮਾਰਕੀਟਪਲੇਸ ਫ੍ਰਾਡ।
ਇਸ ਵਿਚ ਸਭ ਤੋਂ ਵੱਧ ਪ੍ਰਭਾਵਿਤ ਲੜਕੀਆਂ ਅਤੇ ਔਰਤਾਂ ਖਾਸ ਕਰ ਕੇ ਡੇਟਿੰਗ ਐਪ ਸਕੈਮ ਵਿਚ, ਨੌਜਵਾਨ ਵਰਗ, ਛੋਟੇ ਵਪਾਰੀ ਅਤੇ ਦੁਕਾਨਦਾਰ।

ਸ਼ਿਕਾਇਤਾਂ ਵਿਚ ਹੋ ਰਿਹਾ ਵਾਧਾ
ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤਾਂ ਵਧ ਰਹੀਆਂ ਹਨ ਅਤੇ ਆਨਲਾਈਨ ਪੋਰਟਲ ’ਤੇ ਵੀ ਰਿਪੋਰਟਿੰਗ ਵਧੀ ਹੈ ਪਰ ਪੁਲਸ ਮੁਤਾਬਕ ਲੋਕ ਹੁਣ ਜ਼ਿਆਦਾ ਜਾਗਰੂਕ ਹੋ ਕੇ ਕੇਸ ਦਰਜ ਕਰਵਾ ਰਹੇ ਹਨ। ਸਾਈਬਰ ਕ੍ਰਾਈਮ ਪੁਲਸ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਅਣਜਾਣ ਵਿਅਕਤੀ ਨਾਲ ਦੋਸਤੀ ਨਾ ਕਰੋ, ਕੋਈ ਵੀ ਪੈਸਾ ਭੇਜਣ ਤੋਂ ਪਹਿਲਾਂ ਪੱਕੀ ਜਾਂਚ ਕਰੋ, ਓ.ਟੀ.ਪੀ. / ਬੈਂਕ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ, ਏਪੀਕੇ ਵਰਗੀਆਂ ਸ਼ੱਕੀ ਫਾਈਲਾਂ ਨੂੰ ਡਾਊਨਲੋਡ ਜਾਂ ਓਪਨ ਨਾ ਕਰੋ ਇਸ ਨਾਲ ਤੁਹਾਡਾ ਸਾਰਾ ਡਾਟਾ (ਸਾਰੀ ਜਾਣਕਾਰੀ) ਜਾਂ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੱਕ ਹੋਣ ’ਤੇ ਤੁਰੰਤ 1930 ’ਤੇ ਕਾਲ ਕਰੋ।

By Gurpreet Singh

Leave a Reply

Your email address will not be published. Required fields are marked *