ਅੰਮ੍ਰਿਤਸਰ ‘ਚ Delivery Boy ਦਾ ਬੇਰਹਿਮੀ ਨਾਲ ਕਤਲ, ਬਿਲਡਿੰਗ ਦੀ ਬੇਸਮੈਂਟ ‘ਚੋਂ ਮਿਲੀ ਲਾਸ਼

ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਏ-ਬਲਾਕ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬਿਲਡਿੰਗ ਦੀ ਬੇਸਮੈਂਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ । ਮ੍ਰਿਤਕ ਦੀ ਪਛਾਣ 28 ਸਾਲਾ ਅਰਵਿੰਦਰ ਸਿੰਘ ਉਰਫ਼ ਬਬਲੂ ਵਜੋਂ ਹੋਈ ਹੈ, ਜੋ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਜਾਣਕਾਰੀ ਅਨੁਸਾਰ, ਅਰਵਿੰਦਰ ਸਿੰਘ ਗ੍ਰੀਨ ਸਿਟੀ ਦਾ ਰਹਿਣ ਵਾਲਾ ਸੀ ਅਤੇ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਉਹ 27 ਮਾਰਚ ਦੀ ਸ਼ਾਮ 4 ਵਜੇ ਕੰਮ ਲਈ ਘਰੋਂ ਨਿਕਲਿਆ ਸੀ। ਆਮ ਤੌਰ ‘ਤੇ ਉਹ ਰਾਤ 12 ਤੋਂ 1 ਵਜੇ ਤੱਕ ਘਰ ਪਰਤ ਆਉਂਦਾ ਸੀ, ਪਰ ਉਸ ਰਾਤ ਉਹ ਵਾਪਸ ਨਹੀਂ ਆਇਆ। ਪਰਿਵਾਰ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ, ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਐਤਵਾਰ ਨੂੰ ਪੁਲਸ ਨੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਅਰਵਿੰਦਰ ਦੀ ਲਾਸ਼ ਮਿਲ ਗਈ ਹੈ।

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ

ਮ੍ਰਿਤਕ ਦੇ ਸਰੀਰ ਅਤੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਦੇ ਕਈ ਗੰਭੀਰ ਜ਼ਖ਼ਮ ਪਾਏ ਗਏ ਹਨ, ਜਿਸ ਨਾਲ ਉਸ ਦੇ ਕਤਲ ਦੀ ਪੁਸ਼ਟੀ ਹੁੰਦੀ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਲੁੱਟ ਦਾ ਮਾਮਲਾ ਨਹੀਂ ਲੱਗਦਾ ਕਿਉਂਕਿ ਅਰਵਿੰਦਰ ਦਾ ਕੋਈ ਵੀ ਸਾਮਾਨ ਲੁੱਟਿਆ ਨਹੀਂ ਗਿਆ ਸੀ।

ਪੁਲਸ ਵੱਲੋਂ ਜਾਂਚ ਜਾਰੀ 

ਥਾਣਾ ਰਣਜੀਤ ਐਵੇਨਿਊ ਦੇ ਐਸ.ਐਚ.ਓ. ਇੰਸਪੈਕਟਰ ਰੋਬਿਨ ਹੰਸ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ

By Gurpreet Singh

Leave a Reply

Your email address will not be published. Required fields are marked *