”We Got Him..!” ਪਾਇਲਟ ਦੇ ਸਫ਼ਲ ਰੈਸਕਿਊ ਨੂੰ ਟਰੰਪ ਨੇ ਦੱਸਿਆ ਸਭ ਤੋਂ ‘ਦਲੇਰਾਨਾ ਆਪਰੇਸ਼ਨ’

ਬੀਤੇ ਦਿਨੀਂ ਇਰਾਨ ‘ਚ ਕ੍ਰੈਸ਼ ਹੋਏ ਅਮਰੀਕੀ ਏਅਰ ਫੋਰਸ ਦੇ ਫਾਈਟਰ ਜੈੱਟ, ਜਿਸ ‘ਚੋਂ ਇਕ ਪਾਇਲਟ ਨੂੰ ਰੈਸਕਿਊ ਕਰ ਲਿਆ ਗਿਆ ਸੀ ਤੇ ਦੂਜਾ ਲਾਪਤਾ ਹੋ ਗਿਆ ਸੀ, ਨੂੰ ਹੁਣ ਬਚਾ ਲਿਆ ਗਿਆ ਹੈ। ਇਸ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰੇ ਇੱਕ ਬਹੁਤ ਹੀ ਜੋਸ਼ੀਲੀ ਪੋਸਟ ਰਾਹੀਂ ਦੇਸ਼ ਨੂੰ ਦੱਸਿਆ ਕਿ ਇਰਾਨੀ ਸਰਹੱਦ ਦੇ ਅੰਦਰ ਫਸੇ ਅਮਰੀਕੀ ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ (ਕਰਨਲ) ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਕਰਨਲ ਉਸ F-15E ਸਟ੍ਰਾਈਕ ਈਗਲ ਜਹਾਜ਼ ਦਾ ਮੈਂਬਰ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਇਰਾਨ ਨੇ ਡੇਗ ਲਿਆ ਸੀ।

ਟਰੰਪ ਨੇ ਟਰੁੱਥ ਸੋਸ਼ਲ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਅਮਰੀਕੀ ਫੌਜ ਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਦਲੇਰਾਨਾ ‘ਸਰਚ ਅਤੇ ਰੈਸਕਿਊ’ ਆਪ੍ਰੇਸ਼ਨਾਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ ਹੈ। ਕਰਨਲ ਇਰਾਨ ਦੇ ਬਹੁਤ ਹੀ ਮੁਸ਼ਕਲ ਪਹਾੜੀ ਇਲਾਕਿਆਂ ਵਿੱਚ ‘ਦੁਸ਼ਮਣ ਦੇਸ਼ ‘ਚ’ ਫਸੇ ਹੋਏ ਸਨ। ਇਰਾਨੀ ਫੌਜਾਂ ਹਰ ਪਲ ਉਨ੍ਹਾਂ ਦੇ ਨੇੜੇ ਆ ਰਹੀਆਂ ਸਨ। ਟਰੰਪ ਅਨੁਸਾਰ, ਭਾਵੇਂ ਉਹ ਕਰਨਲ ਇਕੱਲੇ ਸਨ, ਪਰ ਅਮਰੀਕੀ ਕਮਾਂਡ ਸੈਂਟਰ, ਰੱਖਿਆ ਸਕੱਤਰ ਅਤੇ ਜੁਆਇੰਟ ਚੀਫ਼ਸ ਆਫ਼ ਸਟਾਫ 24 ਘੰਟੇ ਉਨ੍ਹਾਂ ਦੀ ਲੋਕੇਸ਼ਨ ‘ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਯੋਜਨਾ ਬਣਾ ਰਹੇ ਸਨ।

PunjabKesari

ਟਰੰਪ ਨੇ ਖ਼ੁਲਾਸਾ ਕੀਤਾ ਕਿ ਇਹ ਸਿਰਫ਼ ਇੱਕ ਨਹੀਂ, ਸਗੋਂ ਦੋ ਸਫਲ ਰੈਸਕਿਊ ਸਨ। ਪਹਿਲੇ ਪਾਇਲਟ ਨੂੰ ਸ਼ੁੱਕਰਵਾਰ ਨੂੰ ਹੀ ਬਚਾ ਲਿਆ ਗਿਆ ਸੀ, ਪਰ ਦੂਜੇ ਆਪ੍ਰੇਸ਼ਨ ਦੀ ਸੁਰੱਖਿਆ ਲਈ ਉਸ ਵੇਲੇ ਖ਼ਬਰ ਗੁਪਤ ਰੱਖੀ ਗਈ ਸੀ। ਇਸ ਆਪ੍ਰੇਸ਼ਨ ਵਿੱਚ ਦਰਜਨਾਂ ਹਵਾਈ ਜਹਾਜ਼ਾਂ ਅਤੇ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਤਾਂ ਜੋ ਇਰਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਾਤ ਦਿੱਤੀ ਜਾ ਸਕੇ। ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇਸ ਪੂਰੇ ਖ਼ਤਰਨਾਕ ਆਪ੍ਰੇਸ਼ਨ ਦੌਰਾਨ ਕਿਸੇ ਵੀ ਅਮਰੀਕੀ ਸੈਨਿਕ ਦੀ ਜਾਨ ਨਹੀਂ ਗਈ।

ਟਰੰਪ ਨੇ ਆਪਣੇ ਸੰਦੇਸ਼ ਦੇ ਅੰਤ ਵਿੱਚ ਦੁਹਰਾਇਆ ਕਿ ਅਮਰੀਕਾ ਆਪਣੇ ਕਿਸੇ ਵੀ ਜਵਾਨ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਇਕੱਲਾ ਨਹੀਂ ਛੱਡੇਗਾ। 20 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਅਮਰੀਕੀ ਲੜਾਕੂ ਜਹਾਜ਼ ਦਾ ਡਿੱਗਣਾ ਅਤੇ ਫਿਰ ਇਰਾਨ ਵਰਗੇ ਦੇਸ਼ ਦੇ ਅੰਦਰ ਵੜ ਕੇ ਆਪਣੇ ਅਧਿਕਾਰੀ ਨੂੰ ਸੁਰੱਖਿਅਤ ਕੱਢ ਲੈਣਾ, ਅਮਰੀਕੀ ਫੌਜ ਦੀ ਮਾਨਸਿਕ ਅਤੇ ਤਕਨੀਕੀ ਜਿੱਤ ਮੰਨਿਆ ਜਾ ਰਿਹਾ ਹੈ। ਇਸ ਘਟਨਾ ਨੇ ਜੰਗ ਦੇ ਮੈਦਾਨ ਵਿੱਚ ਅਮਰੀਕਾ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ।

By Rajeev Sharma

Leave a Reply

Your email address will not be published. Required fields are marked *