ਗੁਰਪ੍ਰੀਤ ਸਿੰਘ :- ਫਿਲਮਾਂ ਵਿੱਚ ਰੋਲ ਦਿਵਾਉਣ ਤੇ ਮਿਊਜ਼ਿਕ ਕਲਾਸਾਂ ਦੇਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਬਨੂੜ ਪੁਲਿਸ ਨੇ ਇੱਕ ਵਿਅਕਤੀ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪੰਚਕੂਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸ਼ਿਕਾਇਤ ‘ਤੇ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਸ਼ਿਕਾਇਤਕਰਤਾ ਸੰਦੀਪ ਕੁਮਾਰ ਨਿਵਾਸੀ ਸੈਕਟਰ-21, ਪੰਚਕੂਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਇਮਾਰ ਹੋਮ ਖਰੜ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਨੂੰ ਝਾਂਸੇ ਵਿੱਚ ਲਿਆ। ਮੁਲਜ਼ਮਾਂ ਨੇ ਉਸ ਨੂੰ ਫਿਲਮਾਂ ਵਿੱਚ ਕੰਮ ਦਿਵਾਉਣ ਅਤੇ ਮਿਊਜ਼ਿਕ ਦੀਆਂ ਪ੍ਰੋਫੈਸ਼ਨਲ ਕਲਾਸਾਂ ਲਗਾਉਣ ਦਾ ਲਾਲਚ ਦਿੱਤਾ।
ਇਸ ਬਹਾਨੇ ਮੁਲਜ਼ਮਾਂ ਨੇ ਵੱਖ-ਵੱਖ ਸਮੇਂ ਦੌਰਾਨ ਸੰਦੀਪ ਕੁਮਾਰ ਤੋਂ ਕਰੀਬ 10,75,000 ਰੁਪਏ ਹੜੱਪ ਲਏ। ਪੀੜਤ ਅਨੁਸਾਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਨੂੰ ਕੋਈ ਮਿਊਜ਼ਿਕ ਕਲਾਸ ਦਿੱਤੀ ਗਈ ਅਤੇ ਨਾ ਹੀ ਫਿਲਮਾਂ ਵਿੱਚ ਕੋਈ ਰੋਲ ਦਿਵਾਇਆ ਗਿਆ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਤੇ ਪੈਸੇ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਬਨੂੜ ਥਾਣੇ ਵਿੱਚ ਤਾਇਨਾਤ ਅਧਿਕਾਰੀ ਅਮਨਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਦੀਪ ਕੁਮਾਰ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮੁੱਖ ਮੁਲਜ਼ਮ ਜਸਵੀਰ ਸਿੰਘ ਅਤੇ ਉਸ ਦੇ ਨਾ-ਮਾਲੂਮ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਦਿਆਂ ਰਿਮਾਂਡ ਹਾਸਿਲ ਕੀਤਾ ਹੈ।
