Punjab: ਜੰਗ ਦਾ ਮੈਦਾਨ ਬਣੇ ਖੇਤ! ਚੱਲੇ ਤੇਜ਼ਧਾਰ ਹਥਿਆਰ ਤੇ ਹੋਈ ਫਾਇਰਿੰਗ

ਸੁਲਤਾਨਪੁਰ ਲੋਧੀ (ਗੁਰਪ੍ਰੀਤ ਸਿੰਘ)- ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਉਸ ਸਮੇਂ ਹਿੰਸਕ ਰੂਪ ‘ਚ ਬਦਲ ਗਿਆ ਜਦੋਂ ਦੋਹਾਂ ਪਾਸਿਆਂ ਦੇ ਲੋਕ ਆਹਮੋ-ਸਾਹਮਣੇ ਹੋ ਗਏ। ਝਗੜੇ ਦੌਰਾਨ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਮੌਕੇ ‘ਤੇ ਹੰਗਾਮੇ ਵਾਲੀ ਸਥਿਤੀ ਬਣ ਗਈ ਸੀ, ਜਿਸ ਨੂੰ ਕਾਬੂ ਕਰਨ ਲਈ ਸਥਾਨਕ ਲੋਕਾਂ ਅਤੇ ਪੁਲਸ ਨੇ ਦਖ਼ਲ ਦਿੱਤਾ। ਦੋਹਾਂ ਧਿਰਾਂ ‘ਚ ਕਾਫ਼ੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜੋ ਹਿੰਸਕ ਰੂਪ ਧਾਰ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। 

ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਹਿਲੀ ਧਿਰ ਦੇ ਗੁਰਚਰਨ ਸਿੰਘ ਵਾਸੀ ਪਿੰਡ ਭੀਮਕਦੀਮ ਦੇ ਪੁੱਤਰ ਮਨਦੀਪ ਸਿੰਘ ਮੁਤਾਬਕ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਉਕਤ ਜ਼ਮੀਨ ‘ਤੇ ਕਾਬਜ਼ ਅਤੇ ਕਾਸ਼ਤਕਾਰ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਵੱਲੋਂ ਕਈ ਦਰਖ਼ਾਸਤਾਂ ਦਿੱਤੀਆਂ ਗਈਆਂ ਸਨ, ਜਿਸ ਦੇ ਤਹਿਤ ਵੱਖ-ਵੱਖ ਮੋਹਤਬਰਾਂ ਦੀ ਹਾਜ਼ਰੀ ‘ਚ ਕਈ ਪੰਚਾਇਤਾਂ ਵੀ ਹੋਈਆਂ। ਮਨਦੀਪ ਮੁਤਾਬਕ ਪੰਚਾਇਤਾਂ ‘ਚ ਅਸੀਂ ਸਪੱਸ਼ਟ ਕਿਹਾ ਸੀ ਕਿ ਦੂਜੀ ਧਿਰ ਨਿਯਮਾਂ ਅਨੁਸਾਰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਏਗੀ ਅਤੇ ਜੇ ਨਿਸ਼ਾਨਦੇਹੀ ਮਗਰੋਂ ਕੋਈ ਜ਼ਮੀਨ ਉਨ੍ਹਾਂ ਦੇ ਹਿੱਸੇ ‘ਚ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਵਿਰੋਧ ਦੇ ਉਹ ਜ਼ਮੀਨ ਛੱਡ ਦੇਣਗੇ।

PunjabKesari

ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੱਡੀ ਗਿਣਤੀ ਵਿਚ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੂੰ ਲਿਆ ਕੇ ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਅਤੇ ਮਾਰੂੰ ਹਥਿਆਰ ਵੀ ਸਨ, ਉਨ੍ਹਾਂ ਵੱਲੋਂ ਬੀਜੀ ਗਈ ਕਣਕ ਦੀ ਫ਼ਸਲ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਜ਼ਮੀਨ ‘ਤੇ ਜਬਰੀ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੇ ਪਿਤਾ ਅਤੇ ਹੋਰ ਸਾਥੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਧਿਰ ਵੱਲੋਂ ਜ਼ਮੀਨ ਦੇ ਦੁਆਲੇ ਮੋਰਚੇ ਬਣਾਏ ਗਏ ਸਨ ਤਾਂ ਜੋ ਮਾਹੌਲ ਖ਼ਰਾਬ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਗੋਲੀਬਾਰੀ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਜੋ ਵੀ ਕੀਤਾ ਹੈ ਉਹ ਦੂਜੀ ਧਿਰ ਨੇ ਖ਼ੁਦ ਹੀ ਕੀਤਾ ਹੈ। 
ਇਸ ਸਬੰਧੀ ਗੱਲਬਾਤ ਕਰਦੇ ਹੋਏ ਦੂਜੀ ਧਿਰ ਤੋਂ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਰਜਿੰਦਰ ਸਿੰਘ ਬੱਬੂ ਵਾਸੀ ਪਿੰਡ ਹਾਜੀਪੁਰ ਨੇ ਦੱਸਿਆ ਕਿ ਸਾਡੀ ਜ਼ਮੀਨ ਸਰਦੁੱਲਾਪੁਰ ‘ਚ ਪੈਂਦੀ ਹੈ। ਜੋਕਿ ਸਾਡੀ ਵਿਰਾਸਤੀ ਜ਼ਮੀਨ ਹੈ ਅਤੇ ਅਸੀਂ ਉੱਥੇ ਕਣਕ ਦੀ ਬਿਜਾਈ ਕੀਤੀ ਹੋਈ ਸੀ। ਜਦੋਂ ਅਸੀਂ ਆਪਣੀ ਜ਼ਮੀਨ ‘ਚੋਂ ਕਣਕ ਵੱਢਣ ਲਈ ਗਏ ਤਾਂ ਦੂਜੀ ਧਿਰ ਵੱਲੋਂ ਸਾਡੇ ਉੱਤੇ ਹਮਲਾ ਕਰ ਦਿੱਤਾ ਗਿਆ। 

ਇਸ ਵਿਚਾਲੇ ਉਨ੍ਹਾਂ ਵੱਲੋਂ ਸਾਡੇ ਉੱਤੇ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ ਗੱਡੀ ਦਾ ਟਾਇਰ ਵੀ ਪੈਂਚਰ ਹੋ ਗਿਆ ਅਤੇ ਕੰਬਾਈਨ ਮਸ਼ੀਨ ‘ਤੇ ਵੀ ਸ਼ਰਲੇ ਲੱਗੇ। ਇਨ੍ਹਾਂ ਨੇ ਟਰੈਕਟਰ ‘ਤੇ ਬੈਠੇ ਮੇਰੇ ਬੇਟੇ ‘ਤੇ ਵੀ ਹਮਲਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਉੱਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ। ਜੋਕਿ ਜ਼ਖ਼ਮੀ ਹਾਲਤ ‘ਚ ਮੇਰੇ ਨਾਲ ਹੀ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਗਿਣਤੀ ‘ਚ ਅਣਪਛਾਤੇ ਨੌਜਵਾਨ ਵੀ ਘਟਨਾ ਸਥਾਨ ‘ਤੇ ਮੌਜੂਦ ਹਨ, ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਉਧਰ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਏ. ਐੱਸ. ਆਈ. ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਅਸੀਂ ਮੌਕੇ ‘ਤੇ ਪਹੁੰਚ ਗਏ ਸੀ ਪਰ ਸਾਨੂੰ ਉਥੇ ਕਿਸੇ ਕਿਸਮ ਦਾ ਖੋਲ੍ਹ ਜਾਂ ਗੋਲ਼ੀ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ।  ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਝਗੜਾ ਜ਼ਰੂਰ ਹੋਇਆ ਹੈ ਜੋ ਕਿ ਕਣਕ ਵੱਢਣ ਨੂੰ ਲੈ ਕੇ ਹੋਇਆ ਹੈ। ਵਿਵਾਦ ਇਹ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਦਾ ਕਹਿਣਾ ਹੈ ਕਿ ਜ਼ਮੀਨ ਸਾਡੀ ਹੈ। ਮਾਮਲਾ ਪਹਿਲਾਂ ਵੀ ਥਾਣੇ ਪਹੁੰਚਿਆ ਸੀ ਦੋਹਾਂ ਧਿਰਾਂ ਵਿਚਾਲੇ ਮੋਤਬਰਾਂ ਵੱਲੋਂ ਗੱਲਬਾਤ ਕਰਵਾਈ ਗਈ ਸੀ। ਏ. ਐੱਸ. ਆਈ. ਨੇ ਕਿਹਾ ਕਿ ਐੱਮ. ਐੱਲ. ਆਰ. ਰਿਪੋਰਟਾਂ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *