ਤਰਨਤਾਰਨ (ਗੁਰਪ੍ਰੀਤ ਸਿੰਘ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧਾਰੀਵਾਲ ਵਿੱਚ ਇੱਕ ਕਿਸਾਨ ਪਰਿਵਾਰ ਵੱਲੋਂ ਸਾਦੇ ਵਿਆਹ ਅਤੇ ਦਾਜ ਪ੍ਰਥਾ ਖਿਲਾਫ਼ ਇੱਕ ਪ੍ਰੇਰਣਾਦਾਇਕ ਸੁਨੇਹਾ ਦਿੱਤਾ ਗਿਆ ਹੈ। ਫ਼ਜੂਲ ਖਰਚੀ ਅਤੇ ਦਾਜ ਪ੍ਰਥਾ ਨੂੰ ਰੋਕਣ ਦੇ ਮੰਤਵ ਨਾਲ ਕਿਸਾਨ ਆਗੂ ਦੇ ਪੁੱਤਰ ਨੇ ਟਰੈਕਟਰ ‘ਤੇ ਆਪਣੀ ਲਾੜੀ ਨੂੰ ਵਿਆਹ ਕੇ ਘਰ ਲਿਆਇਆ।
ਜਾਣਕਾਰੀ ਮੁਤਾਬਕ ਧਾਰੀਵਾਲ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਬੀਰ ਸਿੰਘ ਨੇ ਆਪਣੀ ਹਮਸਫਰ ਨੂੰ ਵਿਆਹੁਣ ਲਈ ਟਰੈਕਟਰ ਨੂੰ ਸਜਾ ਕੇ ਹੀ ਬਾਰਾਤ ਲੈ ਕੇ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰੇ ਪਰਿਵਾਰ ਦਾ ਸਾਂਝਾ ਫ਼ੈਸਲਾ ਸੀ ਕਿ ਵਿਆਹ ਬਿਨਾਂ ਦਾਜ ਅਤੇ ਬਿਨਾਂ ਫ਼ਜੂਲ ਖਰਚੀ ਦੇ ਕੀਤਾ ਜਾਵੇ, ਤਾਂ ਜੋ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾ ਸਕੇ।
ਕੁੜੀ ਦੇ ਪਰਿਵਾਰ ਵੱਲੋਂ ਵੀ ਇਸ ਵਿਆਹ ਨੂੰ ਵਿਲੱਖਣ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਆਮ ਵਿਆਹਾਂ ਨਾਲੋਂ ਇਹ ਵਿਆਹ ਕਾਫ਼ੀ ਅਨੋਖਾ ਰਿਹਾ ਹੈ ਅਤੇ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਅਜਿਹੀ ਸੋਚ ਵਾਲਾ ਪਰਿਵਾਰ ਮਿਲਿਆ। ਲਾੜੇ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਵਿਆਹ ਬਿਨਾਂ ਕਿਸੇ ਦਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜੂਰੀ ਵਿੱਚ ਸੰਪੰਨ ਹੋਇਆ। ਇਲਾਕੇ ਵਿੱਚ ਇਸ ਵਿਆਹ ਦੀਆਂ ਚਰਚਾਂ ਜ਼ੋਰਾਂ ‘ਤੇ ਹਨ ਅਤੇ ਇਹ ਹੋਰਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ।
