ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਗਏ ਇਸ ਦਾਅਵੇ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਇਰਾਨ ਆਪਣਾ ਸੰਵਰਧਿਤ ਯੂਰੇਨਿਅਮ ਅਮਰੀਕਾ ਨੂੰ ਸੌਂਪ ਸਕਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਨਾਲ ਇਕ ਸਮਝੌਤੇ ਦੇ ਤਹਿਤ ਇਹ ਯੂਰੇਨਿਅਮ ਕੱਢ ਕੇ ਅਮਰੀਕਾ ਲਿਆਇਆ ਜਾ ਸਕਦਾ ਹੈ।
ਟਰੰਪ ਦੇ ਇਸ ਬਿਆਨ ਤੋਂ ਬਾਅਦ ਵਿਸ਼ਵ ਪੱਧਰ ’ਤੇ ਕੂਟਨੀਤਿਕ ਤਣਾਅ ਵਧ ਗਿਆ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਇਹ ਸੰਭਾਵਿਤ ਸਮਝੌਤਾ ਪਰਮਾਣੂ ਸੰਕਟ ਨੂੰ ਘਟਾਉਣ ਲਈ ਚਰਚਾ ਦਾ ਹਿੱਸਾ ਹੈ।
ਹਾਲਾਂਕਿ ਇਰਾਨ ਨੇ ਟਰੰਪ ਦੇ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਅਤੇ ਸਾਫ਼ ਕੀਤਾ ਹੈ ਕਿ ਉਸਦਾ ਸੰਵਰਧਿਤ ਯੂਰੇਨਿਅਮ ਕਦੇ ਵੀ ਕਿਸੇ ਹੋਰ ਦੇਸ਼ ਨੂੰ ਨਹੀਂ ਦਿੱਤਾ ਜਾਵੇਗਾ। ਇਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਰੇਨਿਅਮ ਉਸਦੇ ਦੇਸ਼ ਦੀ ਸੁਰੱਖਿਆ ਅਤੇ ਨੀਤੀਆਂ ਦਾ ਮਹੱਤਵਪੂਰਨ ਹਿੱਸਾ ਹੈ।
ਇਸ ਮਾਮਲੇ ’ਤੇ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਦੇ ਨਾਲ-ਨਾਲ ਚੱਲ ਰਹੀਆਂ ਸ਼ਾਂਤੀ ਗੱਲਬਾਤਾਂ ਹੋਰ ਜਟਿਲ ਹੋ ਗਈਆਂ ਹਨ। ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਯੂਰੇਨਿਅਮ ਦੇ ਬਦਲੇ ਆਰਥਿਕ ਪੈਕੇਜ ਜਾਂ ਸੰਧੀ ਦੀ ਗੱਲਬਾਤ ਹੋ ਰਹੀ ਹੈ, ਪਰ ਅਜੇ ਤੱਕ ਕੋਈ ਅਧਿਕਾਰਕ ਸਹਿਮਤੀ ਨਹੀਂ ਹੋਈ।
