ਡੇਰਾਬੱਸੀ, 20 ਅਪ੍ਰੈਲ (ਗੁਰਪ੍ਰੀਤ ਸਿੰਘ) : ਸ਼੍ਰੋਮਣੀ ਅਕਾਲੀ ਦੇ ਖਜਾਨਚੀ ਅਤੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਅੱਜ ਇੱਕ ਡੈਲੀਗੇਸ਼ਨ ਸਮੇਤ ਐਸਡੀਐਮ ਡੇਰਾਬੱਸੀ ਨਾਲ ਮੁਲਾਕਾਤ ਕਰਕੇ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਜਾਰੀ ਕੀਤੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ’ਤੇ ਧਾਂਧਲੀ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਸ ਸਬੰਧੀ ਵਿਸਥਾਰਪੂਰਵਕ ਐਤਰਾਜ ਦਰਜ ਕਰਵਾਏ। ਸ਼ਰਮਾ ਨੇ ਦਾਅਵਾ ਕੀਤਾ ਕਿ ਕਈ ਵਾਰਡਾਂ ਵਿੱਚ ਹਜ਼ਾਰਾਂ ਵੋਟਾਂ ਕੱਟੀਆਂ ਗਈਆਂ ਹਨ ਜਦਕਿ ਕੁਝ ਥਾਵਾਂ ’ਤੇ ਬੇਤਹਾਸ਼ਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਵੋਟਾਂ ਦੂਰ-ਦਰਾਜ਼ ਇਲਾਕਿਆਂ ਵਿੱਚ ਸ਼ਿਫਟ ਕੀਤੀਆਂ ਗਈਆਂ ਹਨ, ਜਿਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਵੋਟਰ ਸੂਚੀਆਂ ਨਿਰਧਾਰਤ ਨਿਯਮਾਂ ਅਨੁਸਾਰ ਤਿਆਰ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੋਟਰ ਲਿਸਟਾਂ ਦੇਰੀ ਨਾਲ ਮੁਹੱਈਆ ਹੋਣ ਕਾਰਨ ਜਾਂਚ ਲਈ ਸਮਾਂ ਘੱਟ ਮਿਲਿਆ, ਪਰ ਜਾਂਚ ਦੌਰਾਨ ਕਈ ਗੜਬੜਾਂ ਸਾਹਮਣੇ ਆਈਆਂ।
ਸ਼ਰਮਾ ਨੇ ਇਹ ਵੀ ਕਿਹਾ ਕਿ ਕੁਝ ਵਾਰਡਾਂ ਵਿੱਚ ਵੋਟਰਾਂ ਦੀ ਗਿਣਤੀ ਅਸਮਾਨ ਹੈ, ਜੋ ਸ਼ੱਕ ਪੈਦਾ ਕਰਦੀ ਹੈ। ਸਾਬਕਾ ਵਿਧਾਇਕ ਨੇ ਦੋਸ਼ ਲਗਾਇਆ ਕਿ ਸਥਾਨਕ ਪ੍ਰਸ਼ਾਸਨ ਸੱਤਾ ਧਿਰ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ ਅਤੇ ਲੋਕਤੰਤਰਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਚੋਣ ਕਮਿਸ਼ਨ ਕੋਲ ਵੀ ਜਾਣਗੇ ਅਤੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਦੀ ਤਿਆਰੀ ਕਰ ਰਹੇ ਹਨ।
ਐਨ ਕੇ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਐਸਡੀਐਮ ਨੇ ਭਰੋਸਾ ਦਵਾਇਆ ਕਿ ਦਰਜ ਕੀਤੇ ਗਏ ਐਤਰਾਜਾਂ ਦੀ ਜਾਂਚ ਕਰਕੇ ਸੰਬੰਧਤ ਪੱਖਾਂ ਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਫੈਸਲਾ ਕੀਤਾ ਜਾਵੇਗਾ।
