ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਲੁਧਿਆਣਾ ਪੁਲਿਸ ਲਾਈਨ ਵਿੱਚ ਇੱਕ ਅਧੁਨਿਕ ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਹਾਈਟੈਕ ਸੈਂਟਰ ਪੁਲਿਸ ਦੇ ਵੱਖ-ਵੱਖ ਵਿਭਾਗਾਂ ਨੂੰ ਇੱਕ ਥਾਂ ਤੇ ਜੋੜਦਾ ਹੈ, ਜਿਸ ਨਾਲ ਐਮਰਜੈਂਸੀ ਸਥਿਤੀਆਂ ਵਿੱਚ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਸੰਭਵ ਹੋਵੇਗੀ।
ਇਸ ਸੈਂਟਰ ਦੇ ਸ਼ੁਰੂ ਹੋਣ ਨਾਲ ਟ੍ਰੈਫਿਕ ਮੈਨੇਜਮੈਂਟ, ਐਮਰਜੈਂਸੀ ਰਿਸਪਾਂਸ, ਸੇਫ ਸਿਟੀ ਪ੍ਰੋਜੈਕਟ ਅਤੇ ਵਾਇਰਲੈੱਸ ਕੰਟਰੋਲ ਰੂਮ ਵਰਗੇ ਮਹੱਤਵਪੂਰਨ ਯੂਨਿਟ ਇਕੱਠੇ ਕੰਮ ਕਰਨਗੇ। ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਅਤੇ ਜਵਾਬੀ ਸਮਾਂ ਕਾਫ਼ੀ ਬਿਹਤਰ ਹੋਵੇਗਾ।
ਡੀਜੀਪੀ ਨੇ ਦੱਸਿਆ ਕਿ ਹੁਣ ਐਮਰਜੈਂਸੀ ਕਾਲਾਂ ਦਾ ਜਵਾਬ ਹੋਰ ਤੇਜ਼ੀ ਨਾਲ ਦਿੱਤਾ ਜਾਵੇਗਾ ਅਤੇ ਪੁਲਿਸ ਟੀਮਾਂ ਘਟਨਾ ਸਥਾਨ ‘ਤੇ 7 ਤੋਂ 8 ਮਿੰਟ ਵਿੱਚ ਪਹੁੰਚਣ ਦੇ ਯੋਗ ਹੋਣਗੀਆਂ।
ਇਸ ਦੇ ਨਾਲ ਹੀ, ਸ਼ਹਿਰ ਦੇ 259 ਸਥਾਨਾਂ ‘ਤੇ ਕਰੀਬ 1700 ਹਾਈ ਰੇਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ, ਜੋ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਗੇ। ਏਆਈ ਤਕਨਾਲੋਜੀ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਪਛਾਣ ਕਰਕੇ ਆਪਣੇ ਆਪ ਚਲਾਨ ਜਾਰੀ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।
ਇਹ ਪ੍ਰੋਜੈਕਟ ਪੰਜਾਬ ਪੁਲਿਸ ਦੀ ਆਧੁਨਿਕਤਾ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ, ਇਸ ਨਾਲ ਨਾ ਸਿਰਫ਼ ਕਾਨੂੰਨ-ਵਿਵਸਥਾ ਮਜ਼ਬੂਤ ਹੋਵੇਗੀ, ਸਗੋਂ ਸ਼ਹਿਰ ਵਿੱਚ ਸੁਰੱਖਿਆ ਅਤੇ ਨਿਗਰਾਨੀ ਵੀ ਬਿਹਤਰ ਹੋਵੇਗੀ।
