ਨਵੀਂ ਦਿੱਲੀ, 10 ਮਈ : ਵਧਦੇ ਆਰਥਿਕ ਦਬਾਅ ਅਤੇ ਕਾਰੋਬਾਰੀ ਚੁਣੌਤੀਆਂ ਦਰਮਿਆਨ ਏਅਰ ਇੰਡੀਆ ਨੇ ਆਪਣੀ ਅੰਦਰੂਨੀ ਨਿਗਰਾਨੀ ਅਤੇ ਖਰਚਾ ਘਟਾਉਣ ਦੀ ਪ੍ਰਕਿਰਿਆ ਹੋਰ ਸਖ਼ਤ ਕਰ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਕੰਪਨੀ ਨੇ ਨੈਤਿਕ ਉਲੰਘਣਾਂ ਅਤੇ ਨੀਤੀ ਤੋੜਨ ਦੇ ਮਾਮਲਿਆਂ ਵਿੱਚ 1,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ।
ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਰਮਚਾਰੀਆਂ ਨਾਲ ਹੋਈ ਇੱਕ ਟਾਊਨ ਹਾਲ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਕਰਮਚਾਰੀ ਐਮਪਲੋਈ ਲੀਜ਼ਰ ਟ੍ਰੈਵਲ ਸਿਸਟਮ ਦੇ ਗਲਤ ਇਸਤੇਮਾਲ, ਜਹਾਜ਼ਾਂ ਤੋਂ ਗੈਰਕਾਨੂੰਨੀ ਵਸਤੂਆਂ ਲਿਜਾਣ ਅਤੇ ਵਾਧੂ ਸਮਾਨ ‘ਤੇ ਚਾਰਜ ਨਾ ਲਗਾਉਣ ਵਰਗੀਆਂ ਗਲਤੀਆਂ ਵਿੱਚ ਸ਼ਾਮਲ ਪਾਏ ਗਏ ਸਨ।
ਕੰਪਨੀ ਵੱਲੋਂ ਇਹ ਸਖ਼ਤੀ ਉਸ ਸਮੇਂ ਆਈ ਹੈ ਜਦੋਂ ਏਅਰ ਇੰਡੀਆ ਗੰਭੀਰ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ। ਅਨੁਮਾਨ ਹੈ ਕਿ ਵਿੱਤੀ ਸਾਲ 2026 ਵਿੱਚ ਏਅਰ ਇੰਡੀਆ ਗਰੁੱਪ ਨੂੰ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।
ਟਾਟਾ ਗਰੁੱਪ ਦੀ ਮਲਕੀਅਤ ਹੇਠ ਆਉਣ ਤੋਂ ਬਾਅਦ ਕੰਪਨੀ ਨੇ ਕਈ ਖਰਚਾ ਘਟਾਉਣ ਵਾਲੇ ਕਦਮ ਲਏ ਹਨ, ਜਿਵੇਂ ਕਿ ਤਨਖਾਹ ਵਾਧੇ ਰੋਕਣਾ, ਗੈਰ-ਜ਼ਰੂਰੀ ਖਰਚਿਆਂ ਵਿੱਚ ਕਟੌਤੀ ਅਤੇ ਦਫ਼ਤਰਾਂ ਦੇ ਖਰਚਿਆਂ ਨੂੰ ਘਟਾਉਣਾ।
ਇਸੇ ਦੌਰਾਨ ਸਰਕਾਰੀ ਅੰਕੜਿਆਂ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੇ ਨੁਕਸਾਨ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2024–25 ਵਿੱਚ ਇਸ ਕੰਪਨੀ ਦਾ ਨੁਕਸਾਨ 58,32 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵੱਧ ਹੈ।
ਕੈਂਪਬੈਲ ਵਿਲਸਨ ਨੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਮੌਜੂਦਾ ਗਲੋਬਲ ਹਾਲਾਤ, ਖ਼ਾਸ ਕਰਕੇ ਮੱਧ ਪੂਰਬ ਦੀ ਸਥਿਤੀ, ਹਵਾਈ ਯਾਤਰਾ ਉਦਯੋਗ ‘ਤੇ ਅਸਰ ਪਾ ਰਹੀ ਹੈ ਅਤੇ ਜੇ ਹਾਲਾਤ ਨਾ ਸੁਧਰੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋ ਸਕਦਾ ਹੈ।
