ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰਾਹਤ ਲਈ ਕੇਂਦਰ ਨੇ ਚੁੱਕਿਆ ਵੱਡਾ ਬੋਝ: ਪਿਊਸ਼ ਗੋਇਲ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਅਤੇ ਕਿਸਾਨਾਂ ਨੂੰ ਵਧ ਰਹੀਆਂ ਗਲੋਬਲ ਕੀਮਤਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੇ ਆਪਣੇ ਉੱਤੇ ਵੱਡਾ ਆਰਥਿਕ ਬੋਝ ਲਿਆ ਹੈ। ਉਨ੍ਹਾਂ ਦੇ ਅਨੁਸਾਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਕੇ ਆਮ ਲੋਕਾਂ ਨੂੰ ਸਿੱਧੀ ਰਾਹਤ ਦਿੱਤੀ ਹੈ।

ਮੁੰਬਈ ਵਿੱਚ ਇਕ ਸਮਾਰੋਹ ਦੇ ਮੌਕੇ ‘ਤੇ ਗੱਲਬਾਤ ਕਰਦੇ ਹੋਏ ਪਿਊਸ਼ ਗੋਇਲ ਨੇ ਕਿਹਾ ਕਿ ਕੇਂਦਰ ਨੇ ਪਿਛਲੇ ਸਮੇਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਐਕਸਾਈਜ਼ ਡਿਊਟੀ ‘ਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਇਸ ਕਦਮ ਨਾਲ ਸਰਕਾਰ ‘ਤੇ ਭਾਰੀ ਵਿੱਤੀ ਦਬਾਅ ਪਿਆ, ਪਰ ਫਿਰ ਵੀ ਜਨਤਾ ਨੂੰ ਰਾਹਤ ਦੇਣ ਲਈ ਇਹ ਫੈਸਲਾ ਲਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ ਵਧਣ ਕਾਰਨ ਭਾਰਤ ਵਿੱਚ ਵੀ ਇੰਧਨ ਮਹਿੰਗਾ ਹੋਣ ਦਾ ਖਤਰਾ ਸੀ, ਪਰ ਕੇਂਦਰ ਸਰਕਾਰ ਨੇ ਟੈਕਸ ਘਟਾ ਕੇ ਇਸ ਦਾ ਬੋਝ ਆਪਣੇ ਉੱਤੇ ਲਿਆ।

ਪਿਊਸ਼ ਗੋਇਲ ਨੇ ਇਹ ਵੀ ਦੱਸਿਆ ਕਿ ਸਰਕਾਰ ਖਾਦਾਂ ‘ਤੇ ਭਾਰੀ ਸਬਸਿਡੀ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਵਾਧੂ ਭਾਰ ਨਾ ਝੱਲਣਾ ਪਵੇ। ਉਨ੍ਹਾਂ ਦੇ ਅਨੁਸਾਰ ਖਾਦਾਂ ਦੀ ਕੀਮਤਾਂ ਨੂੰ ਸਥਿਰ ਰੱਖਣ ਲਈ ਕੇਂਦਰ ਵੱਲੋਂ ਲਗਭਗ 3,000 ਕਰੋੜ ਰੁਪਏ ਤੋਂ ਵੱਧ ਦਾ ਵਾਧੂ ਖਰਚ ਕੀਤਾ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਪੁਰਾਣੀ ਕੀਮਤ ‘ਤੇ ਹੀ ਖਾਦ ਮਿਲ ਰਹੀ ਹੈ ਅਤੇ ਕੋਈ ਵਾਧਾ ਨਹੀਂ ਕੀਤਾ ਗਿਆ।

ਉਨ੍ਹਾਂ ਨੇ ਕਿਹਾ, “ਕੇਂਦਰ ਸਰਕਾਰ ਨੇ ਆਪਣੇ ਉੱਤੇ ਬਹੁਤ ਵੱਡਾ ਬੋਝ ਲਿਆ ਹੈ। ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਖਾਦਾਂ ਦੀ ਸਬਸਿਡੀ ਵੀ ਵਧਾਈ ਗਈ ਹੈ, ਤਾਂ ਜੋ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ।”

ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਏਵੀਏਸ਼ਨ ਫਿਊਲ (ATF) ‘ਤੇ VAT ਘਟਾਉਣ ਦੇ ਫੈਸਲੇ ਦੀ ਵੀ ਸਲਾਹਣਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਸੈਰ-ਸਪਾਟਾ ਅਤੇ ਨਾਗਰਿਕ ਹਵਾਈ ਸੇਵਾ ਖੇਤਰ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੇ ਅਨੁਸਾਰ ਇਹ ਖੇਤਰ ਲੰਬੇ ਸਮੇਂ ਲਈ ਦੇਸ਼ ਦੀ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਸ ਤਰ੍ਹਾਂ ਦੇ ਫੈਸਲੇ ਵਿਕਾਸ ਨੂੰ ਤੇਜ਼ ਕਰਨਗੇ।

ਗੋਇਲ ਨੇ ਕਿਹਾ ਕਿ ਜੇ ਹੋਰ ਰਾਜ ਸਰਕਾਰਾਂ ਵੀ ਇਸ ਤਰ੍ਹਾਂ ਦੇ ਕਦਮ ਚੁੱਕਣ ਤਾਂ ਆਰਥਿਕ ਗਤੀਵਿਧੀਆਂ ਨੂੰ ਹੋਰ ਤੇਜ਼ੀ ਮਿਲੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੋਦੀ ਦੇਸ਼ ਦੇ ਹੀ ਨਹੀਂ, ਸਗੋਂ ਵਿਸ਼ਵ ਪੱਧਰ ਦੇ ਨੇਤਾ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ।

ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਅਤੇ ਹਰ ਪੱਖ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ।

By Rajeev Sharma

Leave a Reply

Your email address will not be published. Required fields are marked *