ਗੁਰਪ੍ਰੀਤ ਸਿੰਘ :- ਮਖੂ ਦੇ ਕਰਿਆਨਾ ਵਪਾਰੀ ਗਾਬਾ ਕਤਲ ਕਾਂਡ ਵਿੱਚ ਨਵਾਂ ਮੋੜ ਆਇਆ ਹੈ। ਦੋ ਸ਼ੂਟਰਾਂ ਨੂੰ ਜੰਮੂ ਕਸ਼ਮੀਰ ਤੋਂ ਫੜ ਕੇ ਪੰਜਾਬ ਲੈ ਕੇ ਆਈ ਏਜੀਟੀਐਫ ਤੇ ਫਿਰੋਜ਼ਪੁਰ ਪੁਲਿਸ ਦਾ ਸ਼ਾਰਪ ਸ਼ੂਟਰ ਵਿਸ਼ਨੂ ਨਾਲ ਮੁਕਾਬਲਾ ਹੋਇਆ। ਫਿਰੋਜ਼ਪੁਰ ਪੁਲਿਸ ਹਥਿਆਰ ਬਰਾਮਦ ਕਰਵਾਉਣ ਲਈ ਮੁਲਜ਼ਮਾਂ ਨੂੰ ਸਰਹੰਦ ਫੀਡਰ ਨਹਿਰ ਉਤੇ ਲੈ ਕੇ ਗਈ ਸੀ। ਹਥਿਆਰ ਬਰਾਮਦਗੀ ਦੌਰਾਨ ਵਿਸ਼ਨੂ ਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰ ਵਿੱਚ ਸ਼ੂਟਰ ਵਿਸ਼ਨੂ ਦੇ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਗਾਬਾ ਕਤਲ ਕਾਂਡ ਵਿੱਚ ਵਿਸ਼ਨੂ ਅਤੇ ਉਸਦੇ ਸਾਥੀ ਨੂੰ ਜੰਮੂ ਕਸ਼ਮੀਰ ਤੋਂ ਇੱਕ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਗਾਬਾ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਮਖੂ ਵਿਖੇ ਉਸਦੀ ਰੇਕੀ ਕੀਤੀ ਸੀ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇਨ੍ਹਾਂ ਵੱਲੋਂ ਸਰਹੰਦ ਫੀਡਰ ਨਹਿਰ ਦੇ ਨੇੜੇ ਹਥਿਆਰ ਵੀ ਛੁਪਾ ਕੇ ਰੱਖੇ ਗਏ ਸਨ ਜੋ ਪੁੱਛਗਿਛ ਸਾਹਮਣੇ ਆਇਆ ਤਾਂ ਦੇਰ ਰਾਤ ਪੁਲਿਸ ਵੱਲੋਂ ਹਥਿਆਰਾਂ ਦੀ ਬਰਾਮਦਗੀ ਲਈ ਜਦ ਵਿਸ਼ਨੂ ਅਤੇ ਉਸਦੇ ਸਾਥੀ ਨੂੰ ਉਕਤ ਜਗ੍ਹਾ ਉਤੇ ਲਿਆਂਦਾ ਗਿਆ ਤਾਂ ਵਿਸ਼ਨੂ ਨੇ ਹਥਿਆਰ ਬਰਾਮਗੀ ਦੌਰਾਨ ਇਕਦਮ ਪੁਲਿਸ ਉੱਪਰ ਫਾਇਰ ਕਰ ਦਿੱਤਾ ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਪਹਿਲਾਂ ਹਵਾਈ ਫਾਇਰ ਕੀਤੇ ਗਏ ਅਤੇ ਵਿਸ਼ਨੂ ਦੀ ਘੇਰਾਬੰਦੀ ਕੀਤੀ ਗਈ ਜਦ ਵਿਸ਼ਨੂ ਵੱਲੋਂ ਫਿਰ ਤੋਂ ਫਾਇਰ ਪੁਲਿਸ ਉੱਪਰ ਕੀਤਾ ਗਿਆ ਤਾਂ ਜਵਾਬ ਵਿੱਚ ਪੁਲਿਸ ਨੇ ਫਾਇਰ ਕੀਤਾ ਜੋ ਕਿ ਵਿਸ਼ਨੂ ਦੇ ਜਾ ਲੱਗਿਆ ਅਤੇ ਉਸਨੂੰ ਕਾਬੂ ਕਰ ਲਿਆ ਗਿਆ ਹੁਣ ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
