ਪ੍ਰੇਮੀ ਨਾਲ ਰਹਿ ਰਹੀ ਵਿਆਹੁਤਾ ਮਹਿਲਾ ਵਲੋਂ ਸ਼ੱਕੀ ਹਾਲਾਤ ’ਚ ਖੁਦਕੁਸ਼ੀ!

ਗੁਰਪ੍ਰੀਤ ਸਿੰਘ :- ਡੇਰਾਬੱਸੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਕੂੜਾਂ ਵਾਲਾ ਦੇ ਕੁਆਰਟਰਾਂ ਵਿਚ ਰਹਿ ਰਹੀ ਇਕ ਵਿਆਹੁਤਾ ਮਹਿਲਾ ਵਲੋਂ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸੀਮਾ ਦੇਊ ਉਮਰ ਕਰੀਬ 23 ਸਾਲ) ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਉੜੀਸਾ ਦੇ ਮਿਊਰਭੰਜ ਜ਼ਿਲ੍ਹੇ ਦੀ ਰਹਿਣ ਵਾਲੀ ਸੀ।

ਮਹਿਲਾ ਦੇ ਪ੍ਰੇਮੀ ਸੁਮਿੱਤ (22) ਨੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਹੋਈ ਸੀ। ਸੀਮਾ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਅਤੇ ਉਸ ਦੇ ਪੁਰਾਣੇ ਪਤੀ (ਵਿਦਿਆਧਰ ਦੱਤ) ਤੋਂ ਉਸਦਾ ਇਕ 5 ਸਾਲ ਦਾ ਬੇਟਾ ਵੀ ਹੈ, ਜੋ ਉਨ੍ਹਾਂ ਦੇ ਨਾਲ ਹੀ ਰਹਿ ਰਿਹਾ ਸੀ। ਸੁਮਿਤ ਅਨੁਸਾਰ ਉਨ੍ਹਾਂ ਦਾ ਪ੍ਰੇਮ ਸੰਬੰਧ ਸੀਮਾ ਦੇ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਸੁਮਿਤ ਨਾਲ ਭੱਜ ਕੇ ਡੇਰਾਬੱਸੀ ਆ ਗਈ ਸੀ। ਸੁਮਿਤ ਇਥੇ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ।

ਸੁਮਿਤ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਜਦੋਂ ਉਹ ਕੰਮ ਦੇ ਸਿਲਸਿਲੇ ਵਿਚ ਬਾਹਰ ਗਿਆ ਹੋਇਆ ਸੀ, ਤਾਂ ਉਸ ਦੌਰਾਨ ਸੀਮਾ ਨੂੰ ਉਸ ਦੇ ਪਹਿਲੇ ਪਤੀ ਦਾ ਫੋਨ ਆਇਆ ਸੀ। ਸੁਮਿਤ ਜਦੋਂ ਦੁਪਹਿਰ ਕਰੀਬ 2:30 ਵਜੇ ਕਮਰੇ ‘ਤੇ ਵਾਪਸ ਆਇਆ ਤਾਂ ਕੋਈ ਝਗੜਾ ਨਹੀਂ ਹੋਇਆ ਸੀ ਪਰ ਉਹ ਸ਼ਰਾਬ ਦੇ ਨਸ਼ੇ ਵਿਚ ਸੌਂ ਗਿਆ। ਜਦੋਂ ਉਹ ਸੌਂ ਕੇ ਉੱਠਿਆ ਤਾਂ ਉਸਨੇ ਦੇਖਿਆ ਕਿ ਸੀਮਾ ਨੇ ਪੱਖੇ ਨਾਲ ਚੁੰਨੀ ਦਾ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਈ ਸੀ। ਨਸ਼ੇ ਅਤੇ ਘਬਰਾਹਟ ਦੀ ਹਾਲਤ ਵਿਚ ਸੁਮਿਤ ਨੇ ਖੁਦ ਹੀ ਫੰਦੇ ਨੂੰ ਕੱਟ ਕੇ ਲਾਸ਼ ਨੂੰ ਹੇਠਾਂ ਉਤਾਰਿਆ।

ਗੁਆਂਢੀਆਂ ਅਤੇ ਸਥਾਨਕ ਲੋਕਾਂ ਅਨੁਸਾਰ ਦੋਵੇਂ ਜਣੇ ਸ਼ਰਾਬ ਪੀਣ ਦੇ ਆਦੀ ਸਨ। ਘਟਨਾ ਦੇ ਵੇਲੇ ਵੀ ਸੁਮਿੱਤ ਕਾਫ਼ੀ ਨਸ਼ੇ ਵਿਚ ਸੀ। ਕਮਰੇ ਦੇ ਅੰਦਰੋਂ ਲਾਸ਼ ਜਮੀਨ ’ਤੇ ਬਣਾਏ ਬਿਸਤਰ ‘ਤੇ ਪਈ ਮਿਲੀ ਅਤੇ ਗਲੇ ‘ਤੇ ਫਾਹੇ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ।ਘਟਨਾ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਸਰਪੰਚ ਸਮੇਤ ਪਿੰਡ ਦੇ ਹੋਰ ਲੋਕ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਪੁਲਿਸ ਦੇ ਕਹਿਣ ’ਤੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਿਆ, ਜਿਥੇ ਪੁਲਿਸ ਨੇ ਲਾਸ਼ ਨੂੰ ਮੁਰਦਾ ਘਰ ਵਿਚ ਰਖਵਾ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ 5 ਸਾਲਾ ਬੱਚੇ ਅਤੇ ਪ੍ਰੇਮੀ ਸੁਮਿਤ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ। ਮ੍ਰਿਤਕਾ ਦੇ ਪਹਿਲੇ ਪਰਿਵਾਰ ਨੂੰ ਵੀ ਸੂਚਿਤ ਕੀਤੇ ਜਾਣ ਦੀ ਖ਼ਬਰ ਹੈ।

By Gurpreet Singh

Leave a Reply

Your email address will not be published. Required fields are marked *