ਅੰਮ੍ਰਿਤਸਰ: ਕੋਲਡ ਡਰਿੰਕ ਚੋਰ ਕਾਬੂ, ਮਹੀਨਿਆਂ ‘ਚ ਵੇਚਿਆ ਕਰੀਬ 8 ਲੱਖ ਰੁਪਏ ਦਾ ਮਾਲ; ਆਪਣੀ ਹੀ ਕੰਪਨੀ ਨੂੰ ਲਗਾ ਰਹੇ ਸਨ ਚੂਨਾ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦੀ ਵੱਲਾ ਚੌਂਕੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਕੋਲਡ ਡਰਿੰਕ ਕੰਪਨੀ ਦਾ ਮਾਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਗਿਆ। ਕੰਪਨੀ ਦੇ ਮਾਲਕ ਵਿਕਰਮ ਖਜੂਰੀਆ ਨੂੰ ਕਾਫੀ ਸਮੇਂ ਤੋਂ ਮਾਲ ਘੱਟ ਹੋਣ ਦਾ ਸ਼ੱਕ ਸੀ, ਜਿਸ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਚੋਰੀ ਦਾ ਪਰਦਾਫਾਸ਼ ਹੋਇਆ।

ਪੀੜਤ ਧਿਰ ਅਨੁਸਾਰ ਦੋਵੇਂ ਡਰਾਈਵਰ ਲੰਮੇ ਸਮੇਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ ਤੇ ਟਰੱਕਾਂ ‘ਚ ਲੋਡ ਹੋਣ ਵਾਲੇ ਕੋਲਡ ਡਰਿੰਕ ਦੇ ਕਰੇਟ ਰਸਤੇ ‘ਚ ਹੀ ਉਤਾਰ ਕੇ ਵੇਚ ਦਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮਹੀਨਿਆਂ ਦੌਰਾਨ ਕਰੀਬ 7 ਤੋਂ 8 ਲੱਖ ਰੁਪਏ ਦਾ ਮਾਲ ਵੇਚ ਦਿੱਤਾ ਸੀ।

ਜਦੋਂ ਕੰਪਨੀ ਦੇ ਮਾਲਕ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇੱਕ ਮੁਲਜ਼ਮ ਨੂੰ ਮੌਕੇ ‘ਤੇ ਕਾਬੂ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ ਦੂਜੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ‘ਚ ‘ਲਾਲੀ’ ਨਾਮਕ ਇੱਕ ਹੋਰ ਨੌਜਵਾਨ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਦੌਰਾਨ ਵਿਕਰਮ ਖਜੂਰੀਆ ਨੇ ਇਹ ਵੀ ਦਾਅਵਾ ਕੀਤਾ ਕਿ ਨੇੜੇ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਚ ਕੁਝ ਦਿਨ ਪਹਿਲਾਂ ਹੋਈ ਲੱਖਾਂ ਰੁਪਏ ਦੇ ਕੱਪੜੇ ਦੀ ਚੋਰੀ ਦੇ ਮਾਮਲੇ ਨਾਲ ਵੀ ਇਸੇ ਗਿਰੋਹ ਦੇ ਸਬੰਧ ਹੋ ਸਕਦੇ ਹਨ। ਪੁਲਿਸ ਇਸ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਪੀੜਤ ਧਿਰ ਨੇ ਕਿਹਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਰਾਜ਼ੀਨਾਮਾ ਨਹੀਂ ਕਰਨਗੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਚਾਹੁੰਦੇ ਹਨ।

By Gurpreet Singh

Leave a Reply

Your email address will not be published. Required fields are marked *