ਪੰਜਾਬ ‘ਚ ਨਸ਼ੇ ਦਾ ਕਹਿਰ: ਸਾਲ 2024 ਦੌਰਾਨ 139 ਲੋਕਾਂ ਨੇ ਗੁਆਈ ਜਾਨ, NCRB ਦੀ ਰਿਪੋਰਟ ‘ਚ ਵੱਡਾ ਖੁਲਾਸਾ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀਆਂ ਸਰਕਾਰੀ ਮੁਹਿੰਮਾਂ ਦੇ ਬਾਵਜੂਦ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਗੰਭੀਰ ਸਮਾਜਿਕ ਚੁਣੌਤੀ ਬਣੀ ਹੋਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (ਐਨਸੀਆਰਬੀ) ਦੀ ਸਾਲ 2024 ਦੀ ਰਿਪੋਰਟ ਅਨੁਸਾਰ ਸੂਬੇ ਵਿੱਚ ਨਸ਼ਿਆਂ ਕਾਰਨ ਕੁੱਲ 139 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਨ੍ਹਾਂ ਵਿੱਚੋਂ 33 ਮੌਤਾਂ ਸ਼ਰਾਬ ਦੇ ਸੇਵਨ ਨਾਲ ਜਦਕਿ 106 ਮੌਤਾਂ ਹੋਰ ਨਸ਼ੀਲੇ ਪਦਾਰਥਾਂ ਕਾਰਨ ਹੋਈਆਂ। ਰਿਪੋਰਟ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਨਸ਼ੇ ਦੀ ਸਮੱਸਿਆ ਹੁਣ ਸਿਰਫ਼ ਕਾਨੂੰਨ-ਵਿਵਸਥਾ ਦਾ ਮੁੱਦਾ ਨਹੀਂ ਰਹੀ, ਸਗੋਂ ਇਹ ਸਮਾਜ ਅਤੇ ਸਿਹਤ ਨਾਲ ਜੁੜਿਆ ਵੱਡਾ ਸੰਕਟ ਬਣ ਚੁੱਕੀ ਹੈ। ਭਾਵੇਂ ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ, ਪਰ ਕਈ ਪਰਿਵਾਰ ਸਮਾਜਿਕ ਬਦਨਾਮੀ ਦੇ ਡਰ ਕਾਰਨ ਅਸਲ ਕਾਰਨ ਸਾਹਮਣੇ ਨਹੀਂ ਲਿਆਉਂਦੇ।

ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ, ਜਾਗਰੂਕਤਾ ਮੁਹਿੰਮਾਂ ਅਤੇ ਪੁਨਰਵਾਸ ਯਤਨਾਂ ਦੇ ਬਾਵਜੂਦ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਸਿਰਫ਼ ਕਾਨੂੰਨੀ ਸਖ਼ਤੀ ਨਾਲ ਇਸ ਸਮੱਸਿਆ ਦਾ ਹੱਲ ਸੰਭਵ ਨਹੀਂ। ਨਸ਼ਾ ਛੁਡਾਊ ਕੇਂਦਰਾਂ ਦੀ ਮਜ਼ਬੂਤੀ, ਮਨੋਵਿਗਿਆਨਕ ਸਲਾਹ-ਮਸ਼ਵਰਾ ਅਤੇ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨਾ ਵੀ ਬਰਾਬਰ ਜ਼ਰੂਰੀ ਹੈ।

ਹਾਦਸਿਆਂ ਤੇ ਮੌਸਮੀ ਕਾਰਨਾਂ ਨਾਲ ਵੀ ਹਜ਼ਾਰਾਂ ਮੌਤਾਂ

ਐਨਸੀਆਰਬੀ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਪੰਜਾਬ ਵਿੱਚ ਕੁਦਰਤੀ ਆਫ਼ਤਾਂ ਅਤੇ ਵੱਖ-ਵੱਖ ਹਾਦਸਿਆਂ ਕਾਰਨ 12,113 ਲੋਕਾਂ ਦੀ ਮੌਤ ਹੋਈ, ਜੋ 2023 ਦੇ 11,098 ਅੰਕੜੇ ਨਾਲੋਂ ਵੱਧ ਹੈ। ਉਚਾਈ ਤੋਂ ਡਿੱਗਣ ਕਾਰਨ 261, ਅੱਗ ਲੱਗਣ ਨਾਲ 140 ਅਤੇ ਸ਼ਾਰਟ ਸਰਕਿਟ ਕਾਰਨ 34 ਲੋਕਾਂ ਦੀ ਮੌਤ ਦਰਜ ਕੀਤੀ ਗਈ। ਬਹੁਤ ਜ਼ਿਆਦਾ ਗਰਮੀ ਕਾਰਨ 183 ਅਤੇ ਕੜਾਕੇ ਦੀ ਸਰਦੀ ਕਾਰਨ 168 ਲੋਕਾਂ ਨੇ ਜਾਨ ਗੁਆਈ।

ਰਿਪੋਰਟ ਦੇ ਹੋਰ ਅਹਿਮ ਅੰਕੜੇ

ਕੀਟਨਾਸ਼ਕਾਂ ਦੇ ਸੇਵਨ ਜਾਂ ਸੰਪਰਕ ਕਾਰਨ 602 ਮੌਤਾਂ

ਡੁੱਬਣ ਦੀਆਂ ਘਟਨਾਵਾਂ ਵਿੱਚ 480 ਮੌਤਾਂ

ਡਿੱਗਣ ਕਾਰਨ 464 ਲੋਕਾਂ ਦੀ ਜਾਨ ਗਈ

18 ਤੋਂ 30 ਸਾਲ ਉਮਰ ਵਰਗ ਦੇ 2,786 ਲੋਕਾਂ ਦੀ ਮੌਤ

30 ਤੋਂ 45 ਸਾਲ ਉਮਰ ਵਰਗ ਵਿੱਚ 4,643 ਮੌਤਾਂ

ਕੁੱਲ ਮ੍ਰਿਤਕਾਂ ਵਿੱਚ 10,769 ਪੁਰਸ਼ ਅਤੇ 1,344 ਮਹਿਲਾਵਾਂ ਸ਼ਾਮਲ

14 ਸਾਲ ਤੋਂ ਘੱਟ ਉਮਰ ਦੇ 212 ਬੱਚਿਆਂ ਦੀ ਵੀ ਮੌਤ ਦਰਜ

ਮਾਹਿਰਾਂ ਦਾ ਮੰਨਣਾ ਹੈ ਕਿ ਨਸ਼ਿਆਂ ਦੀ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ, ਸਮਾਜ ਅਤੇ ਪਰਿਵਾਰਾਂ ਨੂੰ ਸਾਂਝੇ ਤੌਰ ’ਤੇ ਲੰਬੀ ਮਿਆਦ ਦੀ ਰਣਨੀਤੀ ਅਪਣਾਉਣੀ ਪਵੇਗੀ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਘਾਤਕ ਰੁਝਾਨ ਤੋਂ ਬਚਾਇਆ ਜਾ ਸਕੇ।

By Gurpreet Singh

Leave a Reply

Your email address will not be published. Required fields are marked *