ਗੁਰਪ੍ਰੀਤ ਸਿੰਘ :- ਸਰਕਾਰੀ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦਾ ਆਖ਼ਰੀ ਚੱਲ ਰਿਹਾ 250 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਵੀ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ। ਇਸ ਨਾਲ ਲਹਿਰਾ ਮੁਹੱਬਤ ਤਾਪ ਘਰ ਦੇ ਚਾਰੇ ਯੂਨਿਟ ਬੰਦ ਹੋ ਗਏ ਹਨ ਅਤੇ 920 ਮੈਗਾਵਾਟ ਬਿਜਲੀ ਉਤਪਾਦਨ ਠੱਪ ਪੈ ਗਿਆ ਹੈ।
ਰੋਪੜ ਅਤੇ ਗੋਇੰਦਵਾਲ ਤਾਪ ਘਰਾਂ ’ਤੇ ਵੀ ਅਸਰ
ਰੋਪੜ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਹੈ, ਜਦਕਿ ਬਾਕੀ ਤਿੰਨ ਯੂਨਿਟ ਵੀ ਆਪਣੀ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਤਾਪ ਬਿਜਲੀ ਘਰ ਦਾ ਇੱਕ ਯੂਨਿਟ ਬੰਦ ਹੈ ਅਤੇ ਦੂਜਾ ਵੀ ਅੱਧੀ ਸਮਰੱਥਾ ਦੇ ਕਰੀਬ ਹੀ ਬਿਜਲੀ ਪੈਦਾ ਕਰ ਰਿਹਾ ਹੈ। ਇਸ ਕਾਰਨ ਸੂਬੇ ਵਿੱਚ ਬਿਜਲੀ ਉਤਪਾਦਨ ਲਗਾਤਾਰ ਘਟ ਰਿਹਾ ਹੈ।
ਮੰਗ ਵਧੀ, ਉਤਪਾਦਨ ਘਟਿਆ
ਗਰਮੀ, ਹੁੰਮਸ ਅਤੇ ਝੋਨੇ ਦੇ ਸੀਜ਼ਨ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅੱਜ ਬਿਜਲੀ ਦੀ ਮੰਗ 15 ਹਜ਼ਾਰ ਮੈਗਾਵਾਟ ਤੋਂ ਵੱਧ ਪਹੁੰਚਣ ਦੀ ਸੰਭਾਵਨਾ ਹੈ, ਪਰ ਦੂਜੇ ਪਾਸੇ ਸਰਕਾਰੀ ਤਾਪ ਘਰਾਂ ਦੇ ਕਈ ਯੂਨਿਟ ਬੰਦ ਹੋਣ ਕਾਰਨ 1400 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਚੁੱਕਾ ਹੈ।
ਹੜਤਾਲੀ ਜਥੇਬੰਦੀਆਂ ਨੇ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਹੜਤਾਲ ਕਰ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪਾਵਰਕਾਮ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਅਤੇ ਗੱਲਬਾਤ ਤੋਂ ਪਿੱਛੇ ਹਟਣ ਕਾਰਨ ਇਹ ਸਥਿਤੀ ਬਣੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੜੀਅਲ ਰਵੱਈਏ ਕਾਰਨ ਪੰਜਾਬ ਨੂੰ ਵੱਡੇ ਬਿਜਲੀ ਸੰਕਟ ਵੱਲ ਧੱਕਿਆ ਜਾ ਰਿਹਾ ਹੈ।
