ਬਹਿਬਲ ਕਲਾਂ ਗੋਲੀਕਾਂਡ: SIT ਅੱਗੇ ਪੇਸ਼ ਹੋਏ ਵਿਜੇ ਸਾਂਪਲਾ, ਪਰ ਬਿਆਨ ਦੇਣ ਤੋਂ ਇਨਕਾਰ; ਕੀਤੀ ਇਹ ਮੰਗ

ਗੁਰਪ੍ਰੀਤ ਸਿੰਘ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਐਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਅੱਗੇ ਪੇਸ਼ ਹੋਏ। ਹਾਲਾਂਕਿ, ਉਨ੍ਹਾਂ ਨੇ ਇਸ ਦੌਰਾਨ ਐਸਆਈਟੀ ਅੱਗੇ ਕੋਈ ਵੀ ਬਿਆਨ ਨਹੀਂ ਦਿੱਤਾ। ਸਾਂਪਲਾ ਐਸਆਈਟੀ ਸਾਹਮਣੇ ਅੱਜ ਜਲੰਧਰ ਦੇ ਪੀਏਪੀ ਕੰਪਲੈਕਸ ਚ ਪੇਸ਼ ਹੋਏ ਸਨ। ਪੇਸ਼ੀ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮੰਗ ਕੀਤੀ ਕਿ ਪਹਿਲਾਂ ਉਨ੍ਹਾਂ ਨੂੰ ਕਿਸ ਵਿਸ਼ੇ ਨੂੰ ਲੈ ਕੇ ਬੁਲਾਇਆ ਗਿਆ ਹੈ, ਇਸ ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਸ ਦੌਰਾਨ ਐਸਆਈਟੀ ਨੇ ਆਪਣੇ ਵੱਲੋਂ ਇੱਕ ਜਨਰੇਟਡ ਬਿਆਨ ਤੇ ਜਨਰੇਟਡ ਰਿਪੋਰਟ ਦਿੱਤੀ।

ਸਾਂਪਲਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਐਸਆਈਟੀ ਨੂੰ ਕਿਹਾ ਕਿ ਇਹ ਰਿਪੋਰਟ ਤੁਹਾਡੇ ਵੱਲੋਂ ਜਨਰੇਟਡ ਹੈ, ਜਦਕਿ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਮਾਮਲੇ ਸਬੰਧੀ ਕਿਸੇ ਦਸਤਾਵੇਜ਼ ‘ਤੇ ਉਨ੍ਹਾਂ ਦੇ ਦਸਤਖ਼ਤ ਹੋਣ, ਉਸ ਦੀ ਕੋਈ ਕਾਪੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਐਸਆਈਟੀ ਕੋਲੋਂ ਕੋਈ ਕਾਪੀ ਨਹੀਂ ਸੀ, ਪਰ ਇਸ ਦੇ ਬਾਵਜੂਦ ਮੈਨੂੰ ਪੇਸ਼ ਹੋਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਐਸਆਈਟੀ ਨੇ ਜਲਦੀ ਹੀ ਕਾਪੀ ਦੇਣ ਦੀ ਗੱਲ ਕਹੀ ਹੈ। ਸਾਂਪਲਾ ਨੇ ਕਿਹਾ ਕਿ ਉਹ ਕਾਪੀ ਦੇ ਆਧਾਰ ‘ਤੇ, ਦਸਤਾਵੇਜ਼ ਦੇਖ ਕੇ ਹੀ ਉਹ ਬਿਆਨ ਦੇਣਗੇ। ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ, ਸਾਂਪਲਾ ਨੇ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ 2018 ‘ਚ ਰਾਜਪਾਲ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਦੇ ਸਬੰਧ ‘ਚ ਤਲਬ ਕੀਤਾ ਸੀ। ਸਾਂਪਲਾ ਨੇ ਦੱਸਿਆ ਕਿ ਉਹ ਉਸ ਸਮੇਂ ਪੰਜਾਬ ਪਾਰਟੀ ਦੇ ਪ੍ਰਧਾਨ ਨਹੀਂ ਸਨ, ਹਾਲਾਂਕਿ ਅਕਾਲੀ-ਭਾਜਪਾ ਗੱਠਜੋੜ ਦੌਰਾਨ ਇੱਕ ਸਾਂਝਾ ਮੰਗ ਪੱਤਰ ਸੌਂਪਿਆ ਗਿਆ ਸੀ। ਉਨ੍ਹਾਂ ਐਸਆਈਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਮੰਗ ਪੱਤਰ ਦੀ ਇੱਕ ਕਾਪੀ ਦੀ ਲੋੜ ਹੈ, ਇਸ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਉਹ ਇਸ ਮਾਮਲੇ ਬਾਰੇ ਜਵਾਬ ਦੇ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਜਲਦੀ ਹੀ ਮੀਡੀਆ ਨਾਲ ਵੀ ਕਾਪੀ ਸਾਂਝੀ ਕਰਨਗੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸੰਮਨ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਸੀ। ਸਾਂਪਲਾ ਨੇ ਕਿਹਾ ਕਿ ਜਦੋਂ ਵੀ ਉਹ ਕਾਪੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਬੁਲਾਉਣਗੇ ਤਾਂ ਉਹ ਕਮੇਟੀ ਨਾਲ ਪੂਰਾ ਸਹਿਯੋਗ ਕਰਨਗੇ। ਸਾਂਪਲਾ ਨੇ ਕਿਹਾ ਕਿ ਨਾ ਤਾਂ ਉਹ 2015 ‘ਚ ਪ੍ਰਧਾਨ ਸਨ ਤੇ ਨਾ ਹੀ ਨਵੰਬਰ 2018 ‘ਚ ਪ੍ਰਧਾਨ ਸਨ। ਉਨ੍ਹਾਂ ਨੇ ਕਿਹਾ ਕਿ ਉਹ 2 ਸਾਲ ਲਈ, ਅਪ੍ਰੈਲ 2016 ਤੋਂ ਅਪ੍ਰੈਲ 2018 ‘ਚ ਪ੍ਰਧਾਨ ਸਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਮੈਮੋਰੈਂਡਮ ਦਾ ਹਿੱਸਾ ਹੋ ਸਕਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਉਨ੍ਹਾਂ ਵੱਲੋਂ ਐਸਆਈਟੀ ਤੋਂ ਮੰਗ ਕੀਤੀ ਗਈ ਕਿ ਪਹਿਲਾਂ ਉਹ ਉਸ ਦੀ ਕਾਪੀ ਦਿਖਾਉਣ ਤੇ ਫਿਰ ਹੀ ਉਹ ਬਿਆਨ ਦਰਜ ਕਰਵਾਉਣਗੇ।

By Gurpreet Singh

Leave a Reply

Your email address will not be published. Required fields are marked *