ਪੰਜਾਬ ‘ਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰਨ ਦੀ ਚਿਤਾਵਨੀ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ

ਗੁਰਪ੍ਰੀਤ ਸਿੰਘ :- ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ ਹੈ। ਦਰਅਸਲ ਇਕ ਜੁਲਾਈ ਨੂੰ ਟਾਂਡਾ ਵਿਖੇ ਨੈਸ਼ਨਲ ਹਾਈਵੇ ਜਲੰਧਰ ਤੋਂ ਜੰਮੂ ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਪਿਛਲੇ 18 ਮਈ ਨੂੰ ਗੰਨਾ ਵਿਭਾਗ ਜਲੰਧਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਦਿਨ ਪ੍ਰਾਜੈਕਟ ਅਫ਼ਸਰ ਅਤੇ ਸਬੰਧਿਤ ਵਿਭਾਗ ਨੇ ਵਾਅਦਾ ਕੀਤਾ ਸੀ ਕਿ 30 ਮਈ ਤੱਕ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਦੇ ਹਿਸਾਬ ਨਾਲ 142 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ’ਚ ਪਾ ਦਿੱਤੀ ਜਾਵੇਗੀ।

ਇਸ ਦੇ ਬਾਵਜੂਦ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦੇ ਖ਼ਾਤਿਆਂ ’ਚ ਇਕ ਰੁਪਇਆ ਨਹੀਂ ਪਾਇਆ ਗਿਆ। ਰੋਜ਼ ਲਾਅਰੇ ਹੀ ਲਾਏ ਗਏ। ਅਧਿਕਾਰੀਆਂ ਵੱਲੋਂ ਬਣਾਇਆ ਗਿਆ ਨਵਾਂ ਪੋਰਟਲ ਵੀ ਚਿੱਟਾ ਹਾਥੀ ਸਾਬਤ ਹੋਇਆ। ਗੰਨੇ ਦੀ ਫ਼ਸਲ ਦੁਬਾਰਾ ਪੱਕਣ ਦੇ ਕਰੀਬ ਹੈ ਪਰ ਕਿਸਾਨਾਂ ਨੂੰ ਪਿਛਲਾ ਬਕਾਇਆ ਸਰਕਾਰ ਨੇ ਨਹੀਂ ਦਿੱਤਾ। ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਕੀ ਫੜ੍ਹਨੀ ਸੀ, ਉਲਟਾ ਕਿਸਾਨਾਂ ਦੀ ਬਣਦੀ ਕੀਮਤ ਵੀ ਨਹੀਂ ਮਿਲ ਰਹੀ।

ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 30 ਜੂਨ ਤੱਕ ਕਿਸਾਨਾਂ ਦੇ ਖ਼ਾਤਿਆਂ ’ਚ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਪ੍ਰਤੀ ਹਿਸਾਬ ਨਾਲ ਨਹੀਂ ਪਾਈ ਗਈ ਤਾਂ ਇਕ ਜੁਲਾਈ ਨੂੰ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸਾਰੇ ਯੋਧੇ ਸੜਕਾਂ ’ਤੇ ਉਤਰਨਗੇ ਅਤੇ ਉੜਮੁੜ ਟਾਂਡਾ ਵਿਖੇ ਨੈਸ਼ਨਲ ਹਾਈਵੇ ਜਲੰਧਰ ਤੋਂ ਜੰਮੂ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦੇਣਗੇ। ਲੋੜ ਪਈ ਤਾਂ ਪੰਜਾਬ ਦੀਆ ਹੋਰ ਸੜਕਾਂ ਵੀ ਜਾਮ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

By Gurpreet Singh

Leave a Reply

Your email address will not be published. Required fields are marked *