ਸਰਕਾਰ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਵਾਧੂ ਬਿਜਲੀ ਸਪਲਾਈ ਦੇ ਰਹੀ ਹੈ: ਸੀ ਐੱਮ ਡੀ

ਗੁਰਪ੍ਰੀਤ ਸਿੰਘ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਵਾਅਦੇ ਮੁਤਾਬਕ 8 ਘੰਟਿਆਂ ਤੋਂ ਵੀ ਵੱਧ ਬਿਜਲੀ ਸਪਲਾਈ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਇਹ ਦਾਅਵਾ ਕਰਦਿਆਂ ਪਾਵਰਕਾਮ ਦੇ ਸੀਐਮਡੀ. ਡਾ: ਬਸੰਤ ਗਰਗ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਹੈ ਅਤੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਬਿਜਲੀ ਸਪਲਾਈ ਮਿਲੀ ਹੈ।

 ਪਾਵਰਕਾਮ ਦੇ ਬੁਲਾਰੇ ਗੋਪਾਲ ਸ਼ਰਮਾ (ਡਿਪਟੀ ਸੈਕਟਰੀ ਲੋਕ ਸੰਪਰਕ) ਨੇ ਇੱਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਸਪੱਸ਼ਟ ਕੀਤਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਦੀ ਆਰਜ਼ੀ ਕਮੀ ਆਈ ਸੀ, ਜਿਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਨਿਰਧਾਰਤ 8 ਘੰਟਿਆਂ ਦੀ ਬਜਾਏ  6-7 ਘੰਟੇ ਹੀ ਸਪਲਾਈ ਮਿਲੀ। ਉਨ੍ਹਾਂ ਕਿਹਾ ਕਿ ਸਿਰਫ਼ 1/2 ਘੰਟੇ ਦੀ ਇਹ ਰੁਕਾਵਟ ਭਿਆਨਕ ਗਰਮੀ ਦੌਰਾਨ ਬਿਜਲੀ ਦੀ ਰਿਕਾਰਡ ਮੰਗ (ਜਿਸ ਕਾਰਨ ਐਕਸਚੇਂਜ ‘ਤੇ ਬਿਜਲੀ ਉਪਲਬਧ ਨਹੀਂ ਸੀ) ਅਤੇ ਥਰਮਲ ਪਾਵਰ ਪਲਾਂਟਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਇੱਕੋ ਸਮੇਂ ਪਏ ਪ੍ਰਭਾਵ ਕਾਰਨ ਹੋਈ ਸੀ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਸੀ।

ਉਨ੍ਹਾ ਕਿਹਾ ਕਿ ਇਨ੍ਹਾਂ ਅਸਧਾਰਨ ਹਾਲਾਤਾਂ ਦੇ ਬਾਵਜੂਦ ਪਾਵਰਕਾਮ ਨੇ 6-7 ਘੰਟੇ ਬਿਜਲੀ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕੀਤਾ ਹੈ। ਹੁਣ ਹੜਤਾਲ ਵਾਪਸ ਲੈਣ ਅਤੇ ਥਰਮਲ ਜਨਰੇਟਿੰਗ ਯੂਨਿਟਾਂ ਦੇ ਮੁੜ ਚਾਲੂ ਹੋਣ ਨਾਲ, ਸੂਬੇ ਭਰ ਵਿੱਚ ਬਿਜਲੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ।

ਸੀਐਮਡੀ ਨੇ ਦੱਸਿਆ ਕਿ ਪਾਵਰਕਾਮ  ਨੇ ਅਸਥਾਈ ਕਮੀ ਦੀ ਪੂਰੀ ਭਰਪਾਈ ਕਰਨ ਲਈ ਪ੍ਰਭਾਵਿਤ ਖੇਤੀਬਾੜੀ ਫੀਡਰਾਂ ਨੂੰ ਵਾਧੂ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੁਹਰਾਇਆ ਕਿ ਸਰਕਾਰ ਨੇ ਸਪੱਸ਼ਟ ਫੈਸਲਾ ਲਿਆ ਹੈ ਕਿ ਕਿਸੇ ਦੇ ਵੀ ਕਾਬੂ ਤੋਂ ਬਾਹਰ ਵਾਲੀ ਅਸਧਾਰਨ ਸਥਿਤੀ ਦਾ ਬੋਝ ਕਿਸਾਨਾਂ ‘ਤੇ ਨਹੀਂ ਪੈਣ ਦਿੱਤਾ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਅਦਾਰੇ ਨੇ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਹਨ। ਫੀਲਡ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫੀਡਰ ਵਾਈਜ਼ ਸਪਲਾਈ ਦੀ ਨਿਰੰਤਰ ਨਿਗਰਾਨੀ ਕਰਨ, ਬਿਜਲੀ ਦੀ ਉਪਲਬਧਤਾ ਨੂੰ ਸੁਧਾਰਨ ਅਤੇ ਕਿਸੇ ਵੀ ਸਥਾਨਕ ਸਮੱਸਿਆ ਦਾ ਤੁਰੰਤ ਹੱਲ ਕਰਨ ਤਾਂ ਜੋ ਸਿੰਚਾਈ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਮੁਕਾਬਲਾ ਕੀਤਾ ਜਾ ਸਕੇ।

ਕਿਸਾਨ ਭਾਈਚਾਰੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਉਨ੍ਹਾ ਦੀ ਸਭ ਤੋਂ ਵੱਡੀ ਤਰਜੀਹ ਹੈ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਭਰ ਵਿੱਚ ਭਰੋਸੇਯੋਗ ਬਿਜਲੀ ਸਪਲਾਈ ਬਹਾਲ ਰਹੇ ਅਤੇ ਹਰ ਪ੍ਰਭਾਵਿਤ ਕਿਸਾਨ ਨੂੰ ਆਰਜ਼ੀ ਕਮੀ ਦੀ ਭਰਪਾਈ ਲਈ ਲੋੜੀਂਦੀ ਵਾਧੂ ਬਿਜਲੀ ਮਿਲੇ।

By Gurpreet Singh

Leave a Reply

Your email address will not be published. Required fields are marked *