ਬਹਿਬਲ ਕਲਾਂ ਗੋਲੀਕਾਂਡ ਮਾਮਲਾ: BJP ਆਗੂ ਵਿਜੇ ਸਾਂਪਲਾ ਅੱਜ ਮੁੜ SIT ਅੱਗੇ ਹੋਣਗੇ ਪੇਸ਼

ਗੁਰਪ੍ਰੀਤ ਸਿੰਘ :- ਬਹਿਬਲ ਕਲਾਂ ਗੋਲੀਬਾਰੀ ਘਟਨਾ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਸੰਬੰਧ ‘ਚ ਐਸਆਈਟੀ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਮੁੜ ਸੰਮਨ ਭੇਜੇ ਹਨ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਨੇ ਭਾਜਪਾ ਆਗੂ ਵਿਜੇ ਸਾਂਪਲਾ ਨੂੰ ਚੌਥੀ ਵਾਰ ਪੇਸ਼ ਹੋਣ ਲਈ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਵਿਜੇ ਸਾਂਪਲਾ ਨੇ 6 ਜੁਲਾਈ ਨੂੰ SIT ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਇਸੇ ਕੜੀ ਤਹਿਤ ਵਿਜੇ ਸਾਂਪਲਾ ਅੱਜ SIT ਅੱਗੇ ਪੇਸ਼ ਹੋਣਗੇ, ਜਿੱਥੇ ਜਾਂਚ ਟੀਮ ਵੱਲੋਂ ਉਨ੍ਹਾਂ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ ਵਿਜੇ ਸਾਂਪਲਾ 23 ਜੂਨ ਨੂੰ ਜਲੰਧਰ ਪੀਏਪੀ ਕੰਪਲੈਕਸ ਵਿਖੇ ਐਸਆਈਟੀ ਸਾਹਮਣੇ ਪੇਸ਼ ਹੋਏ ਸਨ। ਜਿਸ ਤੋਂ ਬਾਅਦ ਮੁੜ ਐਸਆਈਟੀ ਟੀਮ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ 28 ਜੂਨ ਨੂੰ ਪੇਸ਼ ਹੋਣ ਲਈ ਇੱਕ ਨਵਾਂ ਸੰਮਨ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 6 ਜੁਲਾਈ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ ਸੀ, ਪਰ ਉਹ ਪੇਸ਼ ਨਹੀਂ ਹੋਏ। ਜਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਵਿਜੇ ਸਾਂਪਲਾ ਨੇ ਕਿਹਾ ਸੀ ਕਿ ਉਹ ਐਸਆਈਟੀ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ। ਹਾਲਾਂਕਿ, ਉਨ੍ਹਾਂ ਮੰਗ ਕੀਤੀ ਸੀ ਕਿ ਜਿਸ ਕੇਸ ਲਈ ਉਨ੍ਹਾਂ ਨੂੰ ਵਾਰ-ਵਾਰ ਤਲਬ ਕੀਤਾ ਜਾ ਰਿਹਾ ਹੈ, ਉਸ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਪਹਿਲਾਂ ਪ੍ਰਦਾਨ ਕੀਤੇ ਜਾਣ ਤਾਂ ਜੋ ਉਹ ਤਿਆਰ ਹੋ ਕੇ ਪੇਸ਼ ਹੋ ਸਕਣ। ਇਸ ਨਾਲ ਜਾਂਚ ਪ੍ਰਕਿਰਿਆ ਵਿੱਚ ਸਮਾਂ ਬਰਬਾਦ ਹੋਣ ਤੋਂ ਬਚਿਆ ਜਾ ਸਕੇਗਾ।

ਹਾਲਾਂਕਿ ਐਸਆਈਟੀ ਦੀ ਕਾਰਵਾਈ ਬਾਰੇ ਬੋਲਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਨੂੰ ਡਰਾਉਣ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਉਸਨੇ ਦੋਸ਼ ਲਾਇਆ ਕਿ ਉਸਦੇ ਖਿਲਾਫ ਇਹ ਕਾਰਵਾਈ ਰਾਜਨੀਤਿਕ ਬਦਲਾਖੋਰੀ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜਪਾਲ ਨੂੰ ਦਿੱਤੇ ਗਏ ਬਿਆਨ ਦੀ ਕਾਪੀ ਉਪਲਬਧ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਆਪਣਾ ਪੱਖ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ।

By Gurpreet Singh

Leave a Reply

Your email address will not be published. Required fields are marked *