ਪੈਟਰੋਲ ਦੀ ਕੀਮਤ 82 ਰੁਪਏ ਤੇ E-20 ਪੈਟਰੋਲ 70 ਰੁਪਏ ਪ੍ਰਤੀ ਲੀਟਰ ਹੋਣਾ ਚਾਹੀਦਾ: ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ 9 ਜੁਲਾਈ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿੱਚ 102 ਰੁਪਏ ਪ੍ਰਤੀ ਲੀਟਰ ਵਿਕ ਰਹੇ ਈ-20 ਬਲੈਂਡਡ ਪੈਟਰੋਲ ਦੀ ਕੀਮਤ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ੁੱਧ ਪੈਟਰੋਲ 82 ਰੁਪਏ ਪ੍ਰਤੀ ਲੀਟਰ ਮਿਲਣਾ ਚਾਹੀਦਾ ਹੈ, ਪਰ ਸਰਕਾਰ ਲੋਕਾਂ ਨੂੰ 102 ਰੁਪਏ ਪ੍ਰਤੀ ਲੀਟਰ ਈ-20 ਪੈਟਰੋਲ ਦੇ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਹੈ। ਇਸ ਕੀਮਤ ‘ਤੇ ਪੈਟਰੋਲ ਬਣਾਉਣ ਦੀ ਲਾਗਤ 42 ਰੁਪਏ ਬੈਠਦੀ ਹੈ। ਜੇਕਰ ਸਾਰਾ ਟੈਕਸ ਜੋੜ ਦਿੱਤਾ ਜਾਵੇ ਤਾਂ ਵੀ 82 ਰੁਪਏ ਵਿੱਚ ਸ਼ੁੱਧ ਪੈਟਰੋਲ ਅਤੇ 70 ਰੁਪਏ ਵਿੱਚ ਈ-20 ਮਿਲਣਾ ਚਾਹੀਦਾ ਹੈ। ਇਸੇ ਹਿਸਾਬ ਨਾਲ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਹੋਣੀਆਂ ਚਾਹੀਦੀਆਂ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਰੇਟ ਦਾ ਮਹਿੰਗਾਈ ‘ਤੇ ਸਿੱਧਾ ਅਸਰ ਪੈਂਦਾ ਹੈ। ਰੇਟ ਘੱਟ ਹੁੰਦੇ ਹੀ ਮਹਿੰਗਾਈ ਘੱਟ ਜਾਵੇਗੀ। ਪਹਿਲਾਂ ਵੀ ਤੇਲ ਕੰਪਨੀਆਂ ਨੇ 77 ਹਜ਼ਾਰ ਕਰੋੜ ਦਾ ਮੁਨਾਫਾ ਕਮਾਇਆ ਸੀ ਅਤੇ ਹੁਣ ਫਿਰ ਕਮਾ ਰਹੀਆਂ ਹਨ, ਪਰ ਕੁਝ ਦਿਨ ਚੱਲੀ ਜੰਗ ਦਾ ਬਹਾਨਾ ਬਣਾ ਕੇ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ।

“ਆਪ” ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 115 ਡਾਲਰ ਪ੍ਰਤੀ ਬੈਰਲ ਤੋਂ ਡਿੱਗ ਕੇ 70 ਡਾਲਰ ਪ੍ਰਤੀ ਬੈਰਲ ‘ਤੇ ਆ ਗਈ ਹੈ। ਫਰਵਰੀ, ਮਾਰਚ, ਅਪ੍ਰੈਲ ਅਤੇ ਮਈ ਵਿੱਚ ਇਹ ਕੁਝ ਹੱਦ ਤੱਕ 115 ਡਾਲਰ ਪ੍ਰਤੀ ਬੈਰਲ ਸੀ, ਪਰ ਹੁਣ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ 70 ਡਾਲਰ ਪ੍ਰਤੀ ਬੈਰਲ ਹੈ। ਦੂਜੇ ਪਾਸੇ ਸਾਡੇ ਦੇਸ਼ ਵਿੱਚ ਮਈ ਵਿੱਚ ਵੀ ਈ-20 ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਸੀ ਅਤੇ ਉਹ ਅਜੇ ਵੀ 102 ਰੁਪਏ ਪ੍ਰਤੀ ਲੀਟਰ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੱਚੇ ਤੇਲ ਦੀ ਕੀਮਤ ਘਟੀ ਹੈ ਤਾਂ ਦੇਸ਼ ਵਿੱਚ ਪੈਟਰੋਲ ਦੀ ਕੀਮਤ ਵੀ ਘੱਟ ਹੋਣੀ ਚਾਹੀਦੀ ਹੈ। ਸਾਡੀ ਕੈਲਕੂਲੇਸ਼ਨ ਦਿਖਾਉਂਦੀ ਹੈ ਕਿ ਦੇਸ਼ ਵਿੱਚ ਹੁਣ ਪੈਟਰੋਲ ਦੀ ਕੀਮਤ 82 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਜਾਣੀ ਚਾਹੀਦੀ ਹੈ ਜਾਂ ਉਸ ਤੋਂ ਵੀ ਘੱਟ ਹੋਣੀ ਚਾਹੀਦੀ ਹੈ। 82 ਰੁਪਏ ਵਿੱਚ ਈ-20 ਨਹੀਂ, ਬਲਕਿ ਪਿਓਰ ਪੈਟਰੋਲ ਮਿਲਣਾ ਚਾਹੀਦਾ ਹੈ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅੱਜ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਹੈ। ਜੇਕਰ ਇਸ ਨੂੰ ਐਕਸਚੇਂਜ ਰੇਟ ਨਾਲ ਗੁਣਾ ਕਰਕੇ ਰੁਪਏ ਵਿੱਚ ਬਦਲਿਆ ਜਾਵੇ ਤਾਂ ਕੱਚੇ ਤੇਲ ਦੀ ਕੀਮਤ 42 ਰੁਪਏ ਪ੍ਰਤੀ ਲੀਟਰ ਬੈਠਦੀ ਹੈ। ਇਸ ਦੇ ਉੱਪਰ ਲੱਗਣ ਵਾਲੇ ਚਾਰਜਿਜ਼ ਬਿਨਾਂ ਘੱਟ ਕੀਤੇ, ਪਹਿਲਾਂ ਜਿੰਨੇ ਹੀ ਰੱਖੇ ਗਏ ਹਨ। ਇਨ੍ਹਾਂ ਵਿੱਚ ਰਿਫਾਈਨਿੰਗ, ਓਐਮਸੀ ਮਾਰਜਿਨ ਅਤੇ ਟ੍ਰਾਂਸਪੋਰਟ ਦੇ 9 ਰੁਪਏ ਪ੍ਰਤੀ ਲੀਟਰ, ਸੈਂਟਰਲ ਟੈਕਸ 12 ਰੁਪਏ ਪ੍ਰਤੀ ਲੀਟਰ, ਰਾਜਾਂ ਦਾ ਔਸਤ ਵੈਟ 25 ਫੀਸਦੀ (16 ਰੁਪਏ ਪ੍ਰਤੀ ਲੀਟਰ) ਅਤੇ ਡੀਲਰ ਕਮਿਸ਼ਨ 3 ਰੁਪਏ ਪ੍ਰਤੀ ਲੀਟਰ ਸ਼ਾਮਲ ਹੈ। ਜੇਕਰ ਇਨ੍ਹਾਂ ਸਭ ਨੂੰ ਜੋੜ ਦਿੱਤਾ ਜਾਵੇ ਤਾਂ ਦੇਸ਼ ਵਿੱਚ 82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਿਓਰ ਪੈਟਰੋਲ ਮਿਲਣਾ ਚਾਹੀਦਾ ਹੈ। ਜੇਕਰ ਇਸ ਨੂੰ ਈ-20 ਕਰ ਦਿੱਤਾ ਜਾਵੇ, ਤਾਂ ਅੱਜ 102 ਰੁਪਏ ਵਿੱਚ ਮਿਲ ਰਹੇ ਪੈਟਰੋਲ ਦੀ ਕੀਮਤ 70 ਰੁਪਏ ਤੱਕ ਆਉਣੀ ਚਾਹੀਦੀ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਹੋ ਸਕਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਨਾਲ ਮਹਿੰਗਾਈ ‘ਤੇ ਬਹੁਤ ਵੱਡੀ ਸੱਟ ਵੱਜੇਗੀ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਕਿਉਂਕਿ ਪੈਟਰੋਲ ਅਤੇ ਡੀਜ਼ਲ ਟ੍ਰਾਂਸਪੋਰਟ ਨੂੰ ਪ੍ਰਭਾਵਿਤ ਕਰਦੇ ਹਨ, ਇਸ ਲਈ ਟ੍ਰਾਂਸਪੋਰਟ ਸਸਤੀ ਹੋਣ ਨਾਲ ਸਾਰੀਆਂ ਚੀਜ਼ਾਂ ਦੇ ਰੇਟਾਂ ਵਿੱਚ ਕਮੀ ਆਵੇਗੀ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਇਹ ਕਹਿ ਸਕਦੀ ਹੈ ਅਤੇ ਹਰਦੀਪ ਪੁਰੀ ਦੇ ਜੋ ਬਿਆਨ ਹਨ ਕਿ ਜੰਗ ਦੌਰਾਨ ਤੇਲ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਹੁਣ ਪ੍ਰੌਫਿਟ (ਮੁਨਾਫਾ) ਕਮਾ ਕੇ ਪੂਰੀ ਕਰਨੀ ਪੈ ਰਹੀ ਹੈ। ਉਨ੍ਹਾਂ ਦੀ ਇਹ ਦਲੀਲ ਬਿਲਕੁਲ ਗਲਤ ਹੈ। 2014 ਤੋਂ ਲੈ ਕੇ ਅੱਜ ਤੱਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਛੇ ਵਾਰ ਕੱਚੇ ਤੇਲ ਦੀ ਕੀਮਤ ਕਾਫੀ ਘੱਟ ਹੋਈ ਹੈ। ਇਸ ਦੇ ਬਾਵਜੂਦ ਸਰਕਾਰ ਨੇ ਦੇਸ਼ ਵਿੱਚ ਪੈਟਰੋਲ ਦੀ ਕੀਮਤ ਨਹੀਂ ਘਟਾਈ। ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ‘ਤੇ ਕੰਪਨੀਆਂ ਨੇ ਬੰਪਰ ਪ੍ਰੌਫਿਟ ਕਮਾਇਆ ਸੀ, ਤਾਂ ਉਹ ਉਸ ਪੈਸੇ ਦਾ ਕੀ ਕਰ ਰਹੀਆਂ ਹਨ?

ਅਰਵਿੰਦ ਕੇਜਰੀਵਾਲ ਨੇ ਸਵਾਲ ਉਠਾਇਆ ਕਿ ਕੀ ਉਸ ਪ੍ਰੌਫਿਟ ਨਾਲ 3-4 ਮਹੀਨੇ ਚੱਲੀ ਜੰਗ ਦੌਰਾਨ ਹੋਏ ਥੋੜ੍ਹੇ-ਬਹੁਤ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ? ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਤੇਲ ਕੰਪਨੀਆਂ ਨੂੰ 77 ਹਜ਼ਾਰ ਕਰੋੜ ਰੁਪਏ ਦਾ ਬੰਪਰ ਪ੍ਰੌਫਿਟ ਹੋਇਆ ਹੈ। ਤੇਲ ਕੰਪਨੀਆਂ ਨੂੰ ਪਿਛਲੇ ਤਿੰਨ-ਚਾਰ ਸਾਲਾਂ ਤੋਂ ਲਗਾਤਾਰ ਬੰਪਰ ਪ੍ਰੌਫਿਟ ਹੋ ਰਹੀ ਹੈ, ਤਾਂ ਕੀ ਉਹ ਇਸ ਦਾ ਇਸਤੇਮਾਲ ਨੁਕਸਾਨ ਦੀ ਭਰਪਾਈ ਲਈ ਨਹੀਂ ਕਰ ਸਕਦੀਆਂ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜੇ ਸਾਡੇ ਕੋਲੋਂ ਜੋ 102 ਰੁਪਏ ਚਾਰਜ ਕੀਤੇ ਜਾ ਰਹੇ ਹਨ, ਉਹ ਬਹੁਤ ਜ਼ਿਆਦਾ ਹੈ। ਦੇਸ਼ ਦੇ ਲੋਕਾਂ ਵੱਲੋਂ ਮੇਰੀ ਸਰਕਾਰ ਤੋਂ ਮੰਗ ਹੈ ਕਿ ਉਹ ਤੁਰੰਤ 82 ਰੁਪਏ ਪ੍ਰਤੀ ਲੀਟਰ ਵਿੱਚ ਪਿਓਰ ਪੈਟਰੋਲ ਦੇਣਾ ਸ਼ੁਰੂ ਕਰੇ ਅਤੇ ਜੇਕਰ ਈ-20 ਦੇਣਾ ਹੈ ਤਾਂ ਉਸਦੀ ਕੀਮਤ ਇਸ ਤੋਂ ਵੀ ਘੱਟ ਹੋਣੀ ਚਾਹੀਦੀ ਹੈ।

By Gurpreet Singh

Leave a Reply

Your email address will not be published. Required fields are marked *