ਗੁਰਪ੍ਰੀਤ ਸਿੰਘ :- ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਅਤੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਵਿੱਚ ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ ਨੂੰ ਗਾਉਣ ਅਤੇ ਵਜਾਉਣ ਨਾਲ ਜੁੜੇ ਨਿਯਮਾਂ ਨੂੰ ਦੁਹਰਾਇਆ ਗਿਆ ਹੈ ਅਤੇ ਇਹਨਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਜਾਰੀ ਕੀਤੇ ਇੱਕ ਪੱਤਰ ਵਿੱਚ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਪੱਤਰ ਭੇਜਿਆ ਹੈ। ਇਸ ਪੱਤਰ ਦੇ ਨਾਲ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਨਾਲ ਜੁੜੇ ਪਹਿਲਾਂ ਤੋਂ ਜਾਰੀ ਕੀਤੇ ਹੁਕਮ ਵੀ ਭੇਜੇ ਗਏ ਹਨ।
ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਾਸ਼ਟਰੀ ਗਾਨ ਅਤੇ ਰਾਸ਼ਟਰੀ ਗੀਤ ਦੇ ਮੂਲ ਸ਼ਬਦਾਂ, ਸਹੀ ਉਚਾਰਨ ਅਤੇ ਨਿਰਧਾਰਿਤ ਪੇਸ਼ਕਾਰੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਦੋਵਾਂ ਦਾ ਅਧਿਕਾਰਤ ਪਾਠ ਅਤੇ ਸਹੀ ਉਚਾਰਨ ਮੰਤਰਾਲੇ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਗਿਆ ਹੈ, ਤਾਂ ਜੋ ਕੋਈ ਗਲਤੀ ਨਾ ਹੋਵੇ।
ਮੰਤਰਾਲੇ ਨੇ ਕਿਹਾ ਕਿ ਜੇਕਰ ਦੋਵਾਂ, ਰਾਸ਼ਟਰੀ ਗਾਨ ‘ਜਨ-ਗਣ-ਮਨ’ ਅਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ ਇੱਕਠੇ ਪੇਸ਼ਕਾਰੀ ਹੁੰਦੀ ਹੈ, ਤਾਂ ਪਹਿਲਾਂ ‘ਵੰਦੇ ਮਾਤਰਮ’ ਅਤੇ ਫਿਰ ‘ਜਨ-ਗਣ-ਮਨ’ ਹੋਵੇਗਾ। ਜਿਨ੍ਹਾਂ ਰਾਜਾਂ ਵਿੱਚ ਰਾਜ ਗੀਤ (ਸਟੇਟ ਐਂਥਮ) ਵੀ ਹੁੰਦਾ ਹੈ, ਉੱਥੇ ਵੀ ਨਿਰਧਾਰਿਤ ਕ੍ਰਮ ਦੀ ਪਾਲਣਾ ਕਰਨੀ ਹੋਵੇਗੀ।
