ਗੁਰਪ੍ਰੀਤ ਸਿੰਘ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਚੰਨੀ ਦਾ ਧੜਾ ਪਾਰਟੀ ਇੰਚਾਰਜ ਭੂਪੇਸ਼ ਬਘੇਲ ਨੂੰ ਮਿਲਣ ਲਈ ਰਾਜ਼ੀ ਹੋ ਗਿਆ ਹੈ। ਇਸ ਸੰਬੰਧੀ ਚੰਨੀ ਨੇ ਕਿਹਾ ਕਿ, “ਪੰਜਾਬ ਦੀ ਇੱਕਜੁੱਟਤਾ ਲਈ ਅਸੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਜੀ ਨੂੰ 11 ਜੁਲਾਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ, ਤਾਂ ਜੋ ਉਨ੍ਹਾਂ ਦੇ ਅੱਗੇ ਸਾਡੇ ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਰੱਖਿਆ ਜਾ ਸਕੇ। ਰਾਣਾ ਗੁਰਜੀਤ ਸਿੰਘ ਆਪਣੇ ਨਿਵਾਸ ਅਸਥਾਨ ‘ਤੇ ਇਸ ਮੀਟਿੰਗ ਦੀ ਮੇਜ਼ਬਾਨੀ ਕਰਨਗੇ।”
ਦੱਸ ਦਈਏ ਕਿ ਭੂਪੇਸ਼ ਬਘੇਲ ਦੇ ਦੌਰੇ ਦੇ ਪੰਜਵੇਂ ਦਿਨ ਚੰਨੀ ਨੇ ਸੋਸ਼ਲ ਮੀਡੀਆ ‘ਤੇ ਇਸ ਮੀਟਿੰਗ ਬਾਰੇ ਜਾਣਕਰੀ ਦਿੱਤੀ ਹੈ। ਇਹ ਮੀਟਿੰਗ ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਵੀ ਸ਼ਾਮਲ ਹੋਣਗੇ।ਮੀਟਿੰਗ ਤੋਂ ਬਾਅਦ, ਭੁਪੇਸ਼ ਬਘੇਲ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕਰਨਗੇ, ਜੋ ਸਿੱਧੇ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਕੇ.ਸੀ. ਵੇਣੂਗੋਪਾਲ ਨੂੰ ਸੌਂਪੀ ਜਾਵੇਗੀ।
ਇਸ ਤੋਂ ਪਹਿਲਾਂ ਅੱਜ (10 ਜੁਲਾਈ ਨੂੰ) ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਸੀ। ਦਾਅਵਾ ਕੀਤਾ ਗਿਆ ਕਿ ਇਸ ਦੇ ਲਈ ਚੰਨੀ ਧੜੇ ਦੀਆਂ 2 ਸ਼ਰਤਾਂ ਸਨ, ਜਿਨ੍ਹਾਂ ਵਿੱਚ ਕਾਂਗਰਸ ਭਵਨ ਵਿਖੇ ਨਾ ਮਿਲਣ ਅਤੇ ਉਸ ਵਿੱਚ ਪ੍ਰਧਾਨ ਰਾਜਾ ਵੜਿੰਗ ਦੇ ਮੌਜੂਦ ਨਾ ਹੋਣ ਦੀ ਗੱਲ ਕਹੀ ਗਈ ਸੀ। ਪਰ ਇਹਨਾਂ ‘ਤੇ ਸਹਿਮਤੀ ਨਹੀਂ ਬਣੀ।
ਚੰਨੀ ਦੀ ਇੰਚਾਰਜ ਬਘੇਲ ਨਾਲ ਮੁਲਾਕਾਤ ‘ਤੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦਾ ਬਿਆਨ ਵੀ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਕਿ “ਸੂਚਨਾ ਹੈ ਕਿ ਭਲਕੇ ਇੱਕ ਬੈਠਕ ਤੈਅ ਕੀਤੀ ਗਈ ਹੈ, ਹਾਲਾਂਕਿ ਮੈਨੂੰ ਜਗ੍ਹਾ ਜਾਂ ਪ੍ਰਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਤੁਸੀਂ ਸਾਰਿਆਂ ਨੂੰ ਇੱਕਠੇ ਇੱਕੋ ਮੰਚ ‘ਤੇ ਦੇਖੋਗੇ।”
ਦਰਅਸਲ, ਹਾਲ ਹੀ ਵਿੱਚ ਪੰਜਾਬ ਕਾਂਗਰਸ ਵਿੱਚ ਜੋ ਸੰਗਠਨਾਤਮਕ ਬਦਲਾਅ ਹੋਏ ਹਨ, ਉਸ ਤੋਂ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਆਗੂ ਕਾਫ਼ੀ ਨਾਰਾਜ਼ ਹਨ। ਨਾਰਾਜ਼ਗੀ ਇਸ ਹੱਦ ਤੱਕ ਵਧ ਗਈ ਕਿ ਚੰਨੀ ਧੜੇ ਨੇ ਪਾਰਟੀ ਦੀਆਂ ਅਹਿਮ ਬੈਠਕਾਂ ਤੋਂ ਦੂਰੀ ਬਣਾ ਲਈ ਸੀ।
