ਰਾਜੀਵ ਸ਼ਰਮਾ :- ਬੀਤੇ ਦਿਨ ਦਿੱਲੀ ਪੁਲਿਸ ਨੇ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਚੁੱਕ ਕੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ, ਪਰ ਉਹ ਅਜੇ ਵੀ ਹਸਪਤਾਲ ‘ਚ ਵੀ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਨੇ ਡ੍ਰਿੱਪ, ਓਆਰਐਸ ਜਾਂ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਵਾਂਗਚੁਕ NEET ਪੇਪਰ ਲੀਕ ਮਾਮਲੇ ਵਿੱਚ ਜਵਾਬਦੇਹੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਲਈ 28 ਜੂਨ ਤੋਂ ਭੁੱਖ ਹੜਤਾਲ ‘ਤੇ ਹਨ।
ਸੋਨਮ ਵਾਂਗਚੁਕ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ‘ਤੇ ਬੈਠ ਗਏ ਹਨ।
ਹਸਪਤਾਲ ਨੇ ਸੋਨਮ ਵਾਂਗਚੁਕ ਦੇ ਦਾਖਲ ਹੋਣ ਤੋਂ ਬਾਅਦ ਇੱਕ ਸਿਹਤ ਬੁਲੇਟਿਨ ਜਾਰੀ ਕੀਤਾ। ਸਫਦਰਜੰਗ ਹਸਪਤਾਲ ਦੇ ਅਨੁਸਾਰ, ਵਾਂਗਚੁਕ ਨੂੰ ਸ਼ਨੀਵਾਰ ਸਵੇਰੇ 7:40 ਵਜੇ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਡੀਹਾਈਡਰੇਸ਼ਨ, ਪੋਟਾਸ਼ੀਅਮ ਦੀ ਕਮੀ ਅਤੇ ਹੋਰ ਮੈਟਾਬੋਲਿਕ ਵਿਕਾਰਾਂ ਦੇ ਲੱਛਣ ਦਿਖਾਈ ਦੇ ਰਹੇ ਹਨ। ਪਰ ਡਾਕਟਰੀ ਇਲਾਜ ਲੈਣ ਤੋਂ ਇਨਕਾਰ ਕਰ ਰਹੇ ਹਨ। ਉੱਥੇ ਹੀ ਸੋਨਮ ਵਾਂਗਚੁਕ ਦੀ ਪਤਨੀ, ਗੀਤਾਂਜਲੀ ਅੰਗਮੋ, ਨੇ ਬੇਨਤੀ ਕੀਤੀ ਹੈ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਇਲਾਜ ਨਾ ਕਰਵਾਇਆ ਜਾਵੇ।
