ਗੁਰਪ੍ਰੀਤ ਸਿੰਘ :- ਪਠਾਨਕੋਟ ਸ਼ਹਿਰ ਦੇ ਮਸ਼ਹੂਰ ਡਾਕਟਰ, ਡਾ. ਜਸਪਾਲ ਸਿੰਘ ਭਿੰਡਰ ਅਤੇ ਉਨ੍ਹਾਂ ਦੀ ਪਤਨੀ, ਡਾ. ਜਸਪਾਲ ਕੌਰ ਨਾਲ ਵੱਡੀ ਠੱਗੀ ਵੱਜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੋਸ਼ ਕਿ ਇਹ ਠੱਗੀ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਘਰ ‘ਚ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੀਆਂ ਦੋ ਭੈਣਾਂ ਨੇ ਕੀਤੀ ਹੈ। ਦੋਸ਼ ਹਨ ਕਿ ਉਨ੍ਹਾਂ ਨੇ ਇਸ ਡਾਕਟਰ ਜੋੜੇ ਦੀ ਕਮਾਈ ਯੋਜਨਾਬੱਧ ਢੰਗ ਲੁੱਟ ਲਈ ਕਿ ਉਨ੍ਹਾਂ ਨੂੰ ਛੇ ਸਾਲ ਤੱਕ ਇਸ ਦਾ ਪਤਾ ਹੀ ਨਹੀਂ ਲੱਗਿਆ।
ਦੋਨਾਂ ਭੈਣਾਂ ‘ਤੇ ਦੋਸ਼ ਕਿ ਉਨ੍ਹਾਂ ਨੇ ਇਸ ਛੇ ਸਾਲ ਲੰਬੇ ਸਮੇਂ ‘ਚ ਲਗਭਗ ₹4.5 ਕਰੋੜ ਦੀ ਠੱਗੀ ਮਾਰੀ ਅਤੇ ਉਨ੍ਹਾਂ ਦੇ ਇੱਕ ਮਰਲੇ ਦੇ ਛੋਟੇ ਜਿਹੇ ਘਰ ਤੋਂ ਆਲੀਸ਼ਾਨ ਘਰ ਬਣਾ ਲਿਆ। ਇਹ ਹੀ ਨਹੀਂ ਲਗਜ਼ਰੀ ਕਾਰਾਂ ਅਤੇ ਮਹਿੰਗੇ ਮੋਟਰਸਾਈਕਲ ਵੀ ਖਰੀਦ ਲਏ। ਇਸ ਦੇ ਨਾਲ ਹੀ ਇਸ ਪੈਸੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਵਿਦੇਸ਼ ਵੀ ਭੇਜ ਦਿੱਤਾ। ਇਹ ਧੋਖਾਧੜੀ ਦੇ ਪਰਦਾਫਾਸ਼ ਉਸ ਵੇਲੇ ਹੋਇਆ ਜਦੋਂ ਡਾਕਟਰ ਜੋੜੇ ਦੇ ਪੁੱਤਰ ਨੂੰ ਹਸਪਤਾਲ ਬਣਾਉਣ ਲਈ ਪੈਸੇ ਦੀ ਲੋੜ ਸੀ।
ਡਾ. ਜਸਪਾਲ ਸਿੰਘ ਭਿੰਡਰ ਦੇ ਅਨੁਸਾਰ, ਸੁਨੀਤਾ ਅਤੇ ਅਨੀਤਾ ਲਗਭਗ ਪਿਛਲੇ 12 ਸਾਲ ਤੋਂ ਉਨ੍ਹਾਂ ਦੇ ਘਰ ਕੰਮ ਕਰ ਰਹੀਆਂ ਸਨ। ਅਨੀਤਾ ਰਸੋਈ ਦਾ ਕੰਮ ਕਰਦੀ ਸੀ, ਜਦੋਂ ਕਿ ਸੁਨੀਤਾ ਉਨ੍ਹਾਂ ਦੀ ਪਤਨੀ ਡਾ. ਜਸਪਾਲ ਕੌਰ ਦੀ ਦੇਖਭਾਲ ਕਰਨ ਕਰਦੀ ਸੀ। ਏਨ੍ਹੇ ਲੰਬੇ ਸਮੇਂ ਤੋਂ ਘਰ ‘ ਹੋਣ ਕਾਰਨ ਉਹ ਹੌਲੀ-ਹੌਲੀ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵਜੋਂ ਹੀ ਸਮਝਣ ਲੱਗ ਪਏ ਸੀ। ਉਨ੍ਹਾਂ ਦੀ ਦੇਖਭਾਲ ਕਰਨ ਦੇ ਬਹਾਨੇ, ਸੁਨੀਤਾ ਨੇ ਉਨ੍ਹਾਂ ਦੀਆਂ ਚਾਬੀਆਂ, ਬੈਂਕ ਪਾਸਬੁੱਕਾਂ, ਏਟੀਐਮ ਕਾਰਡਾਂ ਅਤੇ ਬਟੂਏ ਆਪਣੇ ਕਬਜ਼ੇ ਵਿੱਚ ਲੈ ਲਏ। ਪਰਿਵਾਰ ਨੂੰ ਉਸ ‘ਤੇ ਬਹੁਤ ਭਰੋਸਾ ਸੀ, ਇਸ ਲਈ ਕਿਸੇ ਨੇ ਕਦੇ ਕੋਈ ਸ਼ੱਕ ਨਹੀਂ ਕੀਤਾ। 2019 ਅਤੇ 2025 ਦੇ ਵਿਚਕਾਰ, ਦੋਸ਼ੀ ਨੇ ਬਿਨਾਂ ਕਿਸੇ ਸ਼ੱਕ ਦੇ, ਹਰ ਰੋਜ਼ ਏਟੀਐਮ ਤੋਂ 10,000 ਰੁਪਏ (ਜਿਵੇਂ ਕਿ, 9,500 ਰੁਪਏ) ਤੋਂ ਘੱਟ ਕਢਵਾਉਣਾ ਸ਼ੁਰੂ ਕਰ ਦਿੱਤਾ। ਭੈਣਾਂ ਦੇ ਪਤੀ ਅਤੇ ਪੁੱਤਰ ਪੈਸੇ ਕਢਵਾਉਣ ਲਈ ਵੱਖ-ਵੱਖ ਸਮੇਂ ‘ਤੇ ਏਟੀਐਮ ਜਾਂਦੇ ਸਨ।
ਇਸ ਸਾਲਾਂ ਤੋਂ ਚੱਲੀ ਆ ਰਹੀ ਧੋਖਾਧੜੀ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਡਾਕਟਰ ਜੋੜੇ ਦਾ ਪੁੱਤਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਾਪਸ ਆਇਆ। ਪੁੱਤਰ ਨੇ ਇੱਕ ਨਵਾਂ ਹਸਪਤਾਲ ਬਣਾਉਣ ਅਤੇ ਲਈ ਪੈਸੇ ਦੀ ਮੰਗ ਕੀਤੀ। ਮਾਂ ਨੇ ਉਸਨੂੰ ਦੱਸਿਆ ਕਿ ਉਨ੍ਹਾਂ ਦੇ ਸਾਰੇ ਪੈਸੇ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਖਾਤੇ ਵਿੱਚ ਸੁਰੱਖਿਅਤ ਹਨ ਅਤੇ ਉਹ ਇਸਨੂੰ ਚੈੱਕ ਰਾਹੀਂ ਕਢਵਾ ਸਕਦਾ ਹੈ। ਜਦੋਂ ਪੁੱਤਰ ਬੈਂਕ ਪਹੁੰਚਿਆ, ਤਾਂ ਮੈਨੇਜਰ ਨੇ ਉਸਨੂੰ ਦੱਸਿਆ ਕਿ ਕਰੋੜਾਂ ਰੁਪਏ ਦੇ ਖਾਤੇ ਵਿੱਚ ਸਿਰਫ਼ 28,000 ਰੁਪਏ ਹੀ ਬਚੇ ਹਨ। ਬੈਂਕ ਸਟੇਟਮੈਂਟ ਤੋਂ ਪਤਾ ਲੱਗਾ ਕਿ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕਢਵਾਉਣ ਦਾ ਸਿਲਸਿਲਾ ਚੱਲ ਰਿਹਾ ਸੀ। ਏਟੀਐਮ ਤੋਂ ਸੀਸੀਟੀਵੀ ਫੁਟੇਜ ਵਿੱਚ ਭੈਣਾਂ ਦੇ ਪਤੀਆਂ ਅਤੇ ਪੁੱਤਰਾਂ ਨੂੰ ਪੈਸੇ ਕਢਾਉਂਦੇ ਦੇਖਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ 2.5 ਕਰੋੜ ਰੁਪਏ ਨਕਦ, ਪਲਾਟ ਦੀ ਵਿਕਰੀ ਤੋਂ 46 ਲੱਖ ਰੁਪਏ, ਹੋਰ ਬੱਚਤ ਅਤੇ ਘਰ ਵਿੱਚ ਰੱਖਿਆ 60 ਤੋਲੇ ਤੋਂ ਵੱਧ ਸੋਨਾ ਗਾਇਬ ਸੀ।
ਜਦੋਂ ਪਰਿਵਾਰ ਵਿੱਚ ਬੈਂਕ ਖਾਤਿਆਂ ਬਾਰੇ ਤਾਂ ਦੋਵੇਂ ਭੈਣਾਂ ਨਾਲ ਗੱਲਬਾਤ ਕੀਤੀ ਤਾਂ ਉਹ ਆਪਣੀਆਂ ਨੌਕਰੀਆਂ ਛੱਡ ਕੇ ਆਪਣੇ ਪਰਿਵਾਰਾਂ ਸਮੇਤ ਫਰਾਰ ਹੋ ਗਈਆਂ। ਡਾ. ਭਿੰਡਰ ਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਦੇ ਆਧਾਰ ‘ਤੇ, ਪਠਾਨਕੋਟ ਪੁਲਿਸ ਸਟੇਸ਼ਨ-1 ਨੇ ਅੱਠ ਮੁਲਜ਼ਮਾਂ – ਸੁਨੀਤਾ, ਉਸਦੇ ਪਤੀ ਬਲਵਿੰਦਰ ਦਾਸ, ਪੁੱਤਰਾਂ ਅਭੈਜੀਤ, ਵਿਜੇ ਕੁਮਾਰ, ਸੁਨੀਲ ਕੁਮਾਰ, ਵਿਕਰਮ, ਅਨੀਤਾ ਅਤੇ ਉਸਦੇ ਪਤੀ ਨਰੇਸ਼ ਕੁਮਾਰ ਉਰਫ਼ ਸੋਨੂੰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਸਟੇਸ਼ਨ ਹਾਊਸ ਅਫਸਰ (ਐਸਐਚਓ) ਅਮਨਪ੍ਰੀਤ ਕੌਰ ਦੇ ਅਨੁਸਾਰ, ਮੁਲਜ਼ਮਾਂ ਨੂੰ ਫੜਨ ਲਈ ਸੰਭਾਵੀ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
