ਦਿੱਲੀ ਸਮੇਤ 15 ਰਾਜਾਂ ਵਿਚ ਅੱਜ ਮੀਂਹ ਦੀ ਚਿਤਾਵਨੀ

ਰਾਜੀਵ ਸ਼ਰਮਾ :- ਦਿੱਲੀ-ਐਨ.ਸੀ.ਆਰ. ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜਾਂ ’ਤੇ ਜ਼ਮੀਨ ਖਿਸਕਣ ਨੇ ਸਮੱਸਿਆਵਾਂ ਹੋਰ ਵੀ ਵਧਾ ਦਿੱਤੀਆ ਹਨ। ਦਿੱਲੀ-ਐਨਸੀਆਰ ਵਿੱਚ ਭਾਰੀ ਬਾਰਿਸ਼ ਕਾਰਨ ਸੜਕਾਂ ‘ਤੇ ਪਾਣੀ ਭਰ ਜਾਣ ਨਾਲ ਟ੍ਰੈਫਿਕ ਜਾਮ ਹੋ ਗਿਆ। ਵੀਰਵਾਰ ਸਵੇਰ ਤੋਂ ਦੁਪਹਿਰ ਤੱਕ ਹੋਈ ਬਾਰਿਸ਼ ਨੇ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਦਿੱਤਾ, ਜਿਸ ਨਾਲ ਸਕੂਲੀ ਬੱਚਿਆਂ ਅਤੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵੀਰਵਾਰ ਨੂੰ ਦਿੱਲੀ ਵਿਚ 56 ਮਿਲੀਮੀਟਰ ਮੀਂਹ ਪਿਆ, ਜਿਸ ਨਾਲ 24 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਘੱਟ ਗਿਆ। ਇਸ ਨਾਲ ਨਮੀ ਅਤੇ ਗਰਮੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੀ। ਗੁਰੂਗ੍ਰਾਮ ਵਿਚ ਵੀ 117 ਮਿਲੀਮੀਟਰ ਮੀਂਹ ਪਿਆ।

ਪਹਾੜਾਂ ਵਿਚ ਜ਼ਮੀਨ ਖਿਸਕਣ ਨਾਲ ਵੀ ਸਮੱਸਿਆਵਾਂ ਵਧ ਗਈਆਂ ਹਨ, ਕਈ ਥਾਵਾਂ ‘ਤੇ ਸੜਕਾਂ ਬੰਦ ਹਨ। 250 ਤੋਂ ਵੱਧ ਸੜਕਾਂ ਬੰਦ ਹਨ, ਜਿਨ੍ਹਾਂ ਵਿਚੋਂ 132 ਉੱਤਰਾਖੰਡ ਵਿਚ ਅਤੇ 120 ਹਿਮਾਚਲ ਪ੍ਰਦੇਸ਼ ਵਿਚ ਹਨ। ਭਾਰੀ ਬਾਰਿਸ਼ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਸੇਬ ਦੇ ਬਾਗਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਮੌਸਮ ਵਿਭਾਗ ਨੇ 9 ਅਗਸਤ ਤੋਂ 12 ਅਗਸਤ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਵੀਰਵਾਰ ਸਵੇਰੇ ਦਿੱਲੀ ਅਤੇ ਗੁਰੂਗ੍ਰਾਮ ਵਿਚ ਭਾਰੀ ਮੀਂਹ ਕਾਰਨ ਦਿੱਲੀ-ਜੈਪੁਰ ਹਾਈਵੇਅ, ਧੌਲਾ ਕੁਆਂ, ਕਾਲਿੰਦੀ ਕੁੰਜ, ਦਿੱਲੀ-ਮੇਰਠ ਐਕਸਪ੍ਰੈਸਵੇਅ, ਗ੍ਰੀਨ ਪਾਰਕ, ​​ਏਮਜ਼ ਅਤੇ ਕਈ ਹੋਰ ਰੂਟਾਂ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਵਾਹਨ ਘੰਟਿਆਂਬੱਧੀ ਫਸੇ ਰਹੇ। ਸਥਿਤੀ ਨੂੰ ਦੇਖਦੇ ਹੋਏ, ਗੁਰੂਗ੍ਰਾਮ ਪੁਲਿਸ ਨੇ ਨਿੱਜੀ ਕੰਪਨੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਹੈ।

By Rajeev Sharma

Leave a Reply

Your email address will not be published. Required fields are marked *