ਆਸਟ੍ਰੇਲੀਆ ‘ਚ ਹੋ ਰਹੀ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਲਈ ਪਛਾਣ ਦਰਜ ਕਰਵਾਉਣ ਦਾ ਵੱਡਾ ਮੌਕਾ

ਰਾਜੀਵ ਸ਼ਰਮਾ :-  ਆਸਟ੍ਰੇਲੀਆ ਵਿੱਚ ਹਰ ਪੰਜ ਸਾਲ ਬਾਅਦ ਹੋਣ ਵਾਲੀ ਰਾਸ਼ਟਰੀ ਮਰਦਮਸ਼ੁਮਾਰੀ ਇਸ ਵਾਰ 11 ਅਗਸਤ 2026 ਨੂੰ ਹੋਣ ਜਾ ਰਹੀ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ABS) ਵੱਲੋਂ ਮਰਦਮਸ਼ੁਮਾਰੀ ਨਾਲ ਸਬੰਧਤ ਹਦਾਇਤਾਂ ਅਤੇ ਆਨਲਾਈਨ ਫਾਰਮ ਭਰਨ ਲਈ ਐਕਸੈੱਸ ਕੋਡ ਘਰਾਂ ਤੱਕ ਪਹੁੰਚਾਏ ਜਾ ਰਹੇ ਹਨ। ਜ਼ਿਆਦਾਤਰ ਲੋਕ ਆਨਲਾਈਨ ਹੀ ਆਪਣੀ ਜਾਣਕਾਰੀ ਦਰਜ ਕਰਵਾ ਸਕਣਗੇ।

ਆਸਟ੍ਰੇਲੀਆ ਵਿੱਚ ਮੌਜੂਦ ਹਰੇਕ ਵਿਅਕਤੀ ਲਈ ਮਰਦਮਸ਼ੁਮਾਰੀ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਇਸ ਵਿੱਚ ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਨਾਲ-ਨਾਲ ਵਿਦਿਆਰਥੀ, ਵਰਕ ਵੀਜ਼ਾ ਧਾਰਕ ਅਤੇ ਹੋਰ ਅਸਥਾਈ ਵੀਜ਼ੇ ’ਤੇ ਰਹਿ ਰਹੇ ਲੋਕ ਵੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਆਨਲਾਈਨ ਫਾਰਮ ਭਰਨ ਵਿੱਚ ਦਿੱਕਤ ਆਉਂਦੀ ਹੈ, ਉਹ ਕਾਗਜ਼ੀ ਫਾਰਮ ਰਾਹੀਂ ਵੀ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ।

2026 ਦੀ ਮਰਦਮਸ਼ੁਮਾਰੀ ਵਿੱਚ ਕਈ ਅਹਿਮ ਤਬਦੀਲੀਆਂ
ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਲੋਕਾਂ ਨੂੰ ਆਪਣੀ ਪਛਾਣ ਅਤੇ ਪਰਿਵਾਰਕ ਪਿਛੋਕੜ ਦਰਜ ਕਰਨ ਲਈ ਪਹਿਲਾਂ ਨਾਲੋਂ ਵਧੇਰੇ ਵਿਕਲਪ ਦਿੱਤੇ ਗਏ ਹਨ। ਇਨ੍ਹਾਂ ਤਬਦੀਲੀਆਂ ਦਾ ਮਕਸਦ ਆਸਟ੍ਰੇਲੀਆ ਦੀ ਵਧ ਰਹੀ ਬਹੁ-ਸੱਭਿਆਚਾਰਕ ਬਣਤਰ ਨੂੰ ਅੰਕੜਿਆਂ ਵਿੱਚ ਹੋਰ ਸਪੱਸ਼ਟ ਤਰੀਕੇ ਨਾਲ ਦਰਸਾਉਣਾ ਹੈ। ਨਵੇਂ ਪ੍ਰਬੰਧਾਂ ਤਹਿਤ ਲੋਕ ਆਪਣੀ ਪਰਿਵਾਰਕ ਜਾਂ ਵਿਰਾਸਤੀ ਪਿਛੋਕੜ ਬਾਰੇ ਦੋ ਦੀ ਬਜਾਏ ਚਾਰ ਤੱਕ ਪਛਾਣਾਂ ਦਰਜ ਕਰ ਸਕਣਗੇ। ਇਸ ਤੋਂ ਇਲਾਵਾ ਲਿੰਗ ਅਤੇ ਨਿੱਜੀ ਪਛਾਣ ਨਾਲ ਜੁੜੀ ਸ਼ਬਦਾਵਲੀ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਜਨਮ ਦਰ ਨਾਲ ਸਬੰਧਤ ਅੰਕੜਿਆਂ ਨੂੰ ਇਕੱਠਾ ਕਰਨ ਦੇ ਤਰੀਕੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ।

ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਕਿਉਂ ਅਹਿਮ ?
2021 ਦੀ ਆਸਟਰੇਲੀਅਨ ਮਰਦਮਸ਼ੁਮਾਰੀ ‘ਚ ਪੰਜਾਬੀ ਬੋਲੀ ਆਸਟਰੇਲੀਆ ‘ਚ ਬੋਲੀਆਂ ਜਾਂਦੀਆਂ ਸੈਂਕੜੇ ਜ਼ੁਬਾਨਾਂ ‘ਚੋਂ ਪੰਜਵੇਂ ਸਥਾਨ ਤੇ ਆਈ ਸੀ। ਅੰਕੜਾ ਵਿਭਾਗ ਮੁਤਾਬਿਕ ਮੁਲਕ ‘ਚ ਸਿੱਖਾਂ ਦੀ ਗਿਣਤੀ 2 ਲੱਖ ਦਸ ਹਜ਼ਾਰ 397 ਸੀ। ਸਭ ਤੋਂ ਵੱਧ ਸਿੱਖ ਵਸੋਂ ਵਿਕਟੋਰੀਆ ਸੂਬੇ ‘ਚ ਦਰਜ ਹੋਈ ਸੀ। ਪੰਜ ਸਾਲ ਦੇ ਵਕਫੇ ਮਗਰੋਂ ਮੁੜ ਆਸਟਰੇਲੀਅਨ ਮਰਦਮਸ਼ੁਮਾਰੀ 2026 ਜਾਰੀ ਹੈ। ਘਰਾਂ ‘ਚ ਇਸ ਲਈ ਫਾਰਮ ਭੇਜੇ ਜਾ ਰਹੇ ਹਨ। ਸਾਰੇ ਪ੍ਰਸ਼ਨ ਸਹੀ ਭਰਨੇ ਜ਼ਰੂਰੀ ਹਨ। ਪਰ ਇਸ ਫਾਰਮ ਵਿਚਲੇ ਪ੍ਰਸ਼ਨ 21-23-24 ਮੁਲਕ ‘ਚ ਤੁਹਾਡੀ ਹੋਂਦ ਦਰਸਾਉਣ ਲਈ ਅਤਿ ਲਾਜ਼ਮੀ ਹਨ। ਪਿਛਲੀ ਮਰਦਮਸ਼ੁਮਾਰੀ ਦੌਰਾਨ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਲਗਭਗ 80 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਸੀ ਅਤੇ ਇਹ ਗਿਣਤੀ ਕਰੀਬ 2.39 ਲੱਖ ਤੱਕ ਪਹੁੰਚ ਗਈ ਸੀ। ਇਨ੍ਹਾਂ ਵਿੱਚੋਂ 2.09 ਲੱਖ ਤੋਂ ਵੱਧ ਲੋਕਾਂ ਨੇ ਸਿੱਖ ਧਰਮ ਨਾਲ ਸਬੰਧਤ ਹੋਣ ਦੀ ਜਾਣਕਾਰੀ ਦਰਜ ਕਰਵਾਈ ਸੀ।

ਪੰਜਾਬੀ ਹੁਣ ਆਸਟ੍ਰੇਲੀਆ ਵਿੱਚ ਅੰਗਰੇਜ਼ੀ ਤੋਂ ਇਲਾਵਾ ਸਭ ਤੋਂ ਵੱਧ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੈ। ਇਸੇ ਕਾਰਨ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਭਾਈਚਾਰੇ ਨੂੰ ਮਰਦਮਸ਼ੁਮਾਰੀ ਵਿੱਚ ਸਹੀ ਜਾਣਕਾਰੀ ਦਰਜ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਭਾਈਚਾਰੇ ਨੂੰ ਖਾਸ ਤੌਰ ’ਤੇ ਅਪੀਲ ਕੀਤੀ ਜਾ ਰਹੀ ਹੈ ਕਿ ਧਰਮ ਨਾਲ ਸਬੰਧਤ ਸਵਾਲ ਵਿੱਚ ‘ਸਿੱਖ ਧਰਮ’ ਅਤੇ ਭਾਸ਼ਾ ਜਾਂ ਸੱਭਿਆਚਾਰਕ ਪਿਛੋਕੜ ਵਾਲੇ ਸਵਾਲ ਵਿੱਚ ‘ਪੰਜਾਬੀ’ ਨੂੰ ਸਪੱਸ਼ਟ ਤੌਰ ’ਤੇ ਦਰਜ ਕੀਤਾ ਜਾਵੇ।

ਮਰਦਮਸ਼ੁਮਾਰੀ ਰਾਹੀਂ ਇਕੱਠੇ ਕੀਤੇ ਅੰਕੜੇ ਆਸਟ੍ਰੇਲੀਆ ਵਿੱਚ ਸਰਕਾਰੀ ਨੀਤੀਆਂ ਅਤੇ ਭਵਿੱਖੀ ਯੋਜਨਾਬੰਦੀ ਦਾ ਮਹੱਤਵਪੂਰਨ ਆਧਾਰ ਹੁੰਦੇ ਹਨ। ਇਨ੍ਹਾਂ ਦੇ ਆਧਾਰ ’ਤੇ ਵੱਖ-ਵੱਖ ਭਾਈਚਾਰਿਆਂ ਦੀਆਂ ਲੋੜਾਂ ਮੁਤਾਬਕ ਸਕੂਲਾਂ, ਹਸਪਤਾਲਾਂ, ਸੜਕਾਂ, ਰਿਹਾਇਸ਼, ਸਰਕਾਰੀ ਸੇਵਾਵਾਂ, ਭਾਸ਼ਾਈ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਯੋਜਨਾ ਤਿਆਰ ਕੀਤੀ ਜਾਂਦੀ ਹੈ। ਇਸ ਲਈ 2026 ਦੀ ਮਰਦਮਸ਼ੁਮਾਰੀ ਪੰਜਾਬੀ ਭਾਈਚਾਰੇ ਲਈ ਆਪਣੀ ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਪਰਿਵਾਰਕ ਪਛਾਣ ਨੂੰ ਸਰਕਾਰੀ ਅੰਕੜਿਆਂ ਵਿੱਚ ਸਹੀ ਢੰਗ ਨਾਲ ਦਰਜ ਕਰਵਾਉਣ ਦਾ ਮਹੱਤਵਪੂਰਨ ਮੌਕਾ ਮੰਨੀ ਜਾ ਰਹੀ ਹੈ।

By Rajeev Sharma

Leave a Reply

Your email address will not be published. Required fields are marked *