ਪਿਆਜ਼ ਦੀਆਂ ਕੀਮਤਾਂ ਨੇ ਕੱਢੇ ਅੱਥਰੂ, ਪੰਜਾਬ ‘ਚ 60 ਰੁਪਏ ਕਿਲੋ ਤੱਕ ਪੁੱਜਿਆ ਭਾਅ

ਗੁਰਪ੍ਰੀਤ ਸਿੰਘ :- ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੀਆਂ ਹਨ। ਕਈ ਸ਼ਹਿਰਾਂ ਵਿੱਚ ਪਿਆਜ਼ ਦਾ ਭਾਅ 60 ਰੁਪਏ ਪ੍ਰਤੀ ਕਿਲੋ ਤੋਂ ਵੀ ਪਾਰ ਪਹੁੰਚ ਗਿਆ ਹੈ। ਪੰਜਾਬ ਵਿੱਚ ਵੀ ਕੱਲ੍ਹ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ।

ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ 24 ਅਗਸਤ ਨੂੰ ਦੇਸ਼ ਵਿੱਚ ਪਿਆਜ਼ ਦੀ ਔਸਤ ਖੁਦਰਾ ਕੀਮਤ 43.53 ਰੁਪਏ ਪ੍ਰਤੀ ਕਿਲੋ ਰਹੀ, ਜੋ ਪਿਛਲੇ ਸਾਲ ਇਸੇ ਦਿਨ 27.37 ਰੁਪਏ ਸੀ। ਇਸ ਤਰ੍ਹਾਂ ਇੱਕ ਸਾਲ ਵਿੱਚ ਕੀਮਤ ਵਿੱਚ ਕਰੀਬ 59 ਫੀਸਦੀ ਵਾਧਾ ਹੋਇਆ ਹੈ। ਇਸੇ ਦੌਰਾਨ ਥੋਕ ਕੀਮਤ ਵੀ 21.23 ਰੁਪਏ ਤੋਂ ਵਧ ਕੇ 35.58 ਰੁਪਏ ਪ੍ਰਤੀ ਕਿਲੋ ਹੋ ਗਈ।

ਵੱਡੇ ਸ਼ਹਿਰਾਂ ਵਿੱਚ ਕੀਮਤਾਂ ਹੋਰ ਵੀ ਜ਼ਿਆਦਾ ਹਨ। ਦਿੱਲੀ ਵਿੱਚ ਪਿਆਜ਼ ਲਗਭਗ 55 ਰੁਪਏ, ਕੋਲਕਾਤਾ ਵਿੱਚ 53 ਰੁਪਏ ਅਤੇ ਚੇਨਈ ਵਿੱਚ 60 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ।

ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਮਹਾਰਾਸ਼ਟਰ ਦੇ ਨਾਸਿਕ ਤੋਂ ‘ਕਾਂਦਾ ਐਕਸਪ੍ਰੈੱਸ’ ਰਾਹੀਂ ਬਫਰ ਸਟਾਕ ਪ੍ਰਮੁੱਖ ਖਪਤ ਕੇਂਦਰਾਂ ਤੱਕ ਭੇਜਣਾ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿੱਚ ਚੇਨਈ, ਮਦੁਰਈ, ਦਿੱਲੀ, ਏਰਨਾਕੁਲਮ ਅਤੇ ਗੁਹਾਟੀ ਵਿੱਚ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚਿਆ ਜਾਵੇਗਾ।

ਇਸ ਦੌਰਾਨ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗੀਆਂ ਜ਼ਰੂਰੀ ਵਸਤਾਂ ਕਾਰਨ ਗਰੀਬ ਅਤੇ ਮੱਧ ਵਰਗ ਲਈ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *