ਨਵੀਂ ਦਿੱਲੀ, 25 ਅਗਸਤ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਈਆਈਟੀ ਦਿੱਲੀ ਵਿੱਚ ਇੱਕ ਵਿਦਿਆਰਥੀ ਦੇ ਆਤਮਹੱਤਿਆ ਕਰਨ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦਾ ਦਿਹਾਂਤ ਬੇਹੱਦ ਦੁਖਦਾਈ ਹੈ। ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪਿਛਲੇ 5 ਸਾਲਾਂ ਵਿੱਚ 65 ਤੋਂ ਵੱਧ ਆਈਆਈਟੀ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਹੈ, ਜੋ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਗੱਲ ਸੁਣਨ ਅਤੇ ਔਖੇ ਹਾਲਾਤਾਂ ਵਿੱਚ ਮਦਦ ਕਰਨਾ ਯਕੀਨੀ ਬਣਾਉਣਾ ਹੋਵੇਗਾ। ਇਸ ਲਈ ਪੂਰੇ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਨਿਰਾਸ਼ ਨਹੀਂ ਕਰ ਸਕਦੇ।
ਮੰਗਲਵਾਰ ਨੂੰ ਐਕਸ ‘ਤੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਈਆਈਟੀ ਦਿੱਲੀ ਵਿੱਚ ਰਿਸ਼ੀਕੇਸ਼ ਦੇ ਦੁਖਦਾਈ ਦਿਹਾਂਤ ਤੋਂ ਮੈਂ ਬਹੁਤ ਦੁਖੀ ਹਾਂ। ਇਸ ਮਾਮਲੇ ਦੀ ਇੱਕ ਨਿਰਪੱਖ ਅਤੇ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੀਆਂ ਸਾਰੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 5 ਸਾਲਾਂ ਵਿੱਚ 65 ਤੋਂ ਵੱਧ ਆਈਆਈਟੀ ਵਿਦਿਆਰਥੀਆਂ ਨੇ ਆਤਮਹੱਤਿਆ ਕੀਤੀ ਹੈ ਅਤੇ ਇਹ ਸਥਿਤੀ ਬੇਹੱਦ ਚਿੰਤਾਜਨਕ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਆਈਆਈਟੀ ਅਦਾਰਿਆਂ ਦੀ ਵਿਦਿਅਕ ਉੱਤਮਤਾ ‘ਤੇ ਮਾਣ ਕਰਦੇ ਹਾਂ ਅਤੇ ਇਹ ਸਹੀ ਵੀ ਹੈ। ਪਰ ਸਾਡੀ ਉੱਤਮਤਾ ਦਾ ਪੈਮਾਨਾ ਸਿਰਫ਼ ਰੈਂਕ, ਗ੍ਰੇਡ ਅਤੇ ਪਲੇਸਮੈਂਟ ‘ਤੇ ਆ ਕੇ ਨਹੀਂ ਰੁਕ ਸਕਦਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਰ ਵਿਦਿਆਰਥੀ ਨੂੰ ਜ਼ਰੂਰੀ ਸਹਿਯੋਗ ਮਿਲੇ, ਕੋਈ ਉਨ੍ਹਾਂ ਦੀ ਗੱਲ ਸੁਣਨ ਵਾਲਾ ਹੋਵੇ ਅਤੇ ਔਖੇ ਹਾਲਾਤਾਂ ਵਿੱਚ ਮਦਦ ਮੰਗਣ ਲਈ ਉਨ੍ਹਾਂ ਕੋਲ ਇੱਕ ਸੁਰੱਖਿਅਤ ਮਾਹੌਲ ਹੋਵੇ। ਸਾਨੂੰ ਆਤਮ-ਨਿਰੀਖਣ ਅਤੇ ਇਸ ਪੂਰੇ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਨਿਰਾਸ਼ ਨਹੀਂ ਕਰ ਸਕਦੇ।
