ਪੰਜਾਬ ਦੇ 52 ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਹੜਤਾਲ, ਜਲੰਧਰ ‘ਚ ਸੀਐਮ ਮਾਨ ਕਰਨਗੇ ਮੀਟਿੰਗ

ਗੁਰਪ੍ਰੀਤ ਸਿੰਘ :- ਪੰਜਾਬ ਦੇ ਲਗਭਗ 3 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਤੇ 4 ਲੱਖ ਤੋਂ ਵੱਧ ਪੈਨਸ਼ਨਰ ਆਪਣੀਆਂ ਵੱਖ-ਵੱਖ ਲੰਬਿਤ ਮੰਗਾਂ ਨੂੰ ਲੈ ਕੇ ਅੱਜ, 27 ਅਗਸਤ ਨੂੰ ਪੂਰੇ ਸੂਬੇ ‘ਚ ਇੱਕ ਦਿਨਾ ‘ਮਹਾ ਹੜਤਾਲ’ ਕਰਨ ਜਾ ਰਹੇ ਹਨ। ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ ਦੇ ਬੈਨਰ ਹੇਠ ਆਯੋਜਿਤ ਇਸ ਹੜਤਾਲ ਕਾਰਨ ਪੰਜਾਬ ਸਿਵਲ ਸਕੱਤਰੇਤ ਤੋਂ ਲੈ ਕੇ ਸਰਕਾਰੀ ਸਕੂਲਾਂ, ਪਟਵਾਰ ਖਾਨਿਆਂ, ਹਸਪਤਾਲਾਂ ਦੀਆਂ ਓਪੀਡੀਜ਼ ਤੇ ਜਨਤਕ ਆਵਾਜਾਈ ਤੱਕ ਸਰਕਾਰੀ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਰਹਿਣਗੀਆਂ। ਪੰਜਾਬ ਹੈੱਡਮਾਸਟਰਜ਼ ਐਸੋਸੀਏਸ਼ਨ ਨੇ ਵੀ ਹੜਤਾਲ ਦਾ ਸਮਰਥਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 1 ਵਜੇ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (PAP) ਕੰਪਲੈਕਸ ਵਿੱਚ ਪ੍ਰਦਰਸ਼ਨ ਕਰ ਰਹੀਆਂ ਸਰਕਾਰੀ ਕਰਮਚਾਰੀ ਯੂਨੀਅਨਾਂ ਦੀ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਨਗੇ।

ਕਿਸੇ ਵੀ ਤਰ੍ਹਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ

ਉੱਥੇ ਹੀ, ਜਲੰਧਰ ਤੋਂ ਸੰਗਠਨ ਦੇ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਕਿਸੇ ‘ਪੰਜਾਬ ਬੰਦ’ ਦਾ ਸੱਦਾ ਨਹੀਂ ਹੈ, ਸਗੋਂ ਸਰਕਾਰੀ ਕਰਮਚਾਰੀਆਂ ਦੀ ‘ਮਹਾ ਹੜਤਾਲ’ ਹੈ। ਉੱਥੇ ਹੀ ਮੋਰਚੇ ਦੇ ਕਨਵੀਨਰ ਦਵਿੰਦਰ ਸਿੰਘ ਬੇਨੀਪਾਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਤੇ ਪ੍ਰਾਈਵੇਟ ਸੰਸਥਾਵਾਂ, ਦੁਕਾਨਾਂ ਤੇ ਆਮ ਲੋਕਾਂ ਦੀ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।

ਉੱਧਰ, ਬੀਤੇ ਦਿਨ ਖ਼ਬਰ ਆਈ ਸੀ ਕਿ ਹੜਤਾਲ ਤੋਂ ਪਹਿਲਾਂ ਹੀ ਮਿਨਿਸਟਰੀਅਲ ਯੂਨੀਅਨ ਦੇ ਦੋਆਬਾ ਜ਼ੋਨ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸੰਗਤ ਰਾਮ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਤੇ ਜੀਪ ‘ਚ ਬਿਠਾ ਲਿਆ ਸੀ। ਪਰ ਯੂਨੀਅਨ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕਰਦਿਆਂ ਜੀਪ ਨੂੰ ਘੇਰ ਲਿਆ। ਪੁਲਿਸ’ਤੇ ਦਬਾਅ ਬਣਾਉਣ ਤੋਂ ਬਾਅਦ ਸੰਗਤ ਰਾਮ ਨੂੰ ਛੱਡ ਦਿੱਤਾ ਗਿਆ।

ਤਜਿੰਦਰ ਸਿੰਘ ਨੰਗਲ ਨੇ ਕਿਹਾ ਕਿ 27 ਅਗਸਤ ਨੂੰ ਕਿਸੇ ਵੀ ਤਰ੍ਹਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਆਮ ਲੋਕਾਂ ਦੀ ਆਵਾਜਾਈ ਰੋਕੀ ਜਾਵੇਗੀ। ਬਾਜ਼ਾਰ, ਦੁਕਾਨਾਂ ਤੇ ਸਾਰੇ ਨਿੱਜੀ ਅਦਾਰੇ ਆਮ ਵਾਂਗ ਕੰਮ ਕਰਨਗੇ। ਸਰਕਾਰੀ ਕਰਮਚਾਰੀ ਸਮੂਹਿਕ ਛੁੱਟੀ ਤੇ ਰਹਿਣਗੇ ਤੇ ਕੰਮ ਨਹੀਂ ਕਰਨਗੇ। ਡਰਾਈਵਰ ਅਧਿਕਾਰੀਆਂ ਦੀਆਂ ਗੱਡੀਆਂ ਵੀ ਨਹੀਂ ਚਲਾਉਣਗੇ।

ਪ੍ਰਾਈਵੇਟ ਸੈਕਟਰ ਰਹਿਣਗੇ ਚਾਲੂ

ਸਾਰੇ ਪ੍ਰਾਈਵੇਟ ਸਕੂਲ, ਪ੍ਰਾਈਵੇਟ ਕਾਲਜ, ਪ੍ਰਾਈਵੇਟ ਹਸਪਤਾਲ, ਨਿੱਜੀ ਦਫ਼ਤਰ ਤੇ ਪ੍ਰਾਈਵੇਟ ਬੱਸ/ਟ੍ਰਾਂਸਪੋਰਟ ਸੇਵਾਵਾਂ ਸੁਚਾਰੂ ਢੰਗ ਨਾਲ ਚੱਲਣਗੀਆਂ। ਇਸ ਹੜਤਾਲ ਨਾਲ ਕਿਸੇ ਕਿਸਮ ਦਾ ਚੱਕਾ ਜਾਮ ਨਹੀਂ ਹੋਵੇਗਾ ਤੇ ਨਾ ਹੀ ਆਮ ਜਨ-ਜੀਵਨ ਪ੍ਰਭਾਵਿਤ ਹੋਵੇਗਾ। ਇਸ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਹੈ ਤੇ ਕੁਝ ਸਬੰਧਤ ਕੰਮ-ਕਾਜ ‘ਤੇ ਇਸ ਹੜਤਾਲ ਦਾ ਪ੍ਰਭਾਵ ਦਿਖਾਈ ਦੇਵੇਗਾ।

By Gurpreet Singh

Leave a Reply

Your email address will not be published. Required fields are marked *