ਬੱਸ ਸਟੈਂਡ ਤੋਂ ਬੱਸ ਹੋਈ ਚੋਰੀ!

ਗੁਰਪ੍ਰੀਤ ਸਿੰਘ :- ਫਗਵਾੜਾ ਦੇ ਬੱਸ ਸਟੈਂਡ ਤੋਂ ਤੜਕੇ ਇੱਕ ਨਿੱਜੀ ਬੱਸ ਚੋਰੀ ਹੋਣ ਦੀ ਘਟਨਾ ਨੇ ਹਲਚਲ ਮਚਾ ਦਿੱਤੀ। ਅਣਪਛਾਤਾ ਵਿਅਕਤੀ ਬੱਸ ਸਟੈਂਡ ਤੋਂ ਬੱਸ ਲੈ ਕੇ ਫ਼ਰਾਰ ਹੋ ਗਿਆ ਅਤੇ ਭੱਜਣ ਦੌਰਾਨ ਉੱਥੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰਾਂ ਮਾਰ ਦਿੱਤੀਆਂ। ਘਟਨਾ ਦਾ ਖੁਲਾਸਾ ਸਵੇਰੇ ਉਸ ਸਮੇਂ ਹੋਇਆ, ਜਦੋਂ ਬੱਸ ਦਾ ਕੰਡਕਟਰ ਡਿਊਟੀ ਲਈ ਬੱਸ ਸਟੈਂਡ ਪਹੁੰਚਿਆ।

ਜਾਣਕਾਰੀ ਮੁਤਾਬਕ ਪੀਲੇ ਰੰਗ ਦੀ ‘ਗੁਰੂ ਹਰਿਗੋਬਿੰਦ’ ਨਾਮ ਦੀ ਨਿੱਜੀ ਬੱਸ, ਜਿਸ ਦਾ ਨੰਬਰ PB 10 DH 5157 ਹੈ, ਨੂੰ ਕੰਡਕਟਰ ਪਵਨ ਕੁਮਾਰ ਨੇ ਰਾਤ ਕਰੀਬ ਸਾਢੇ 8 ਵਜੇ ਲਾਕ ਕਰਕੇ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ। ਬੱਸ ਦਾ ਡਰਾਈਵਰ ਵੀ ਘਟਨਾ ਸਮੇਂ ਘਰ ਵਿੱਚ ਹੀ ਮੌਜੂਦ ਸੀ, ਜਿਸ ਕਾਰਨ ਬੱਸ ਕਿਸੇ ਡਰਾਈਵਰ ਵੱਲੋਂ ਲਿਜਾਣ ਦਾ ਸਵਾਲ ਹੀ ਨਹੀਂ ਸੀ।

ਦੱਸਿਆ ਜਾ ਰਿਹਾ ਹੈ ਕਿ ਤੜਕੇ ਕਰੀਬ 4 ਵਜੇ ਤੋਂ 4:15 ਵਜੇ ਦੇ ਵਿਚਕਾਰ ਅਣਪਛਾਤਾ ਵਿਅਕਤੀ ਬੱਸ ਸਟੈਂਡ ਵਿੱਚ ਦਾਖ਼ਲ ਹੋਇਆ ਅਤੇ ਬੱਸ ਨੂੰ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਉਸ ਨੇ ਬੱਸ ਸਟੈਂਡ ਤੋਂ ਨਿਕਲਦੇ ਸਮੇਂ ਹੋਰ ਬੱਸਾਂ ਨੂੰ ਟੱਕਰਾਂ ਮਾਰੀਆਂ, ਜਿਸ ਕਾਰਨ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਘਟਨਾ ਤੋਂ ਬਾਅਦ ਬੱਸ ਸਟੈਂਡ ’ਤੇ ਮੌਜੂਦ ਲੋਕਾਂ ਵਿੱਚ ਵੀ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।

By Gurpreet Singh

Leave a Reply

Your email address will not be published. Required fields are marked *