ਗੁਰਪ੍ਰੀਤ ਸਿੰਘ :- ਦੇਸ਼ ਦੇ ਉਪ ਰਾਸ਼ਟਰਪਤੀ ਚੰਦਰਪੁਰਮ ਪੋਨੂੰਸਾਮੀ ਰਾਧਾਕ੍ਰਿਸ਼ਨਨ ਅੱਜ ਯੂਟੀ ਚੰਡੀਗੜ੍ਹ ਦੇ ਦੌਰੇ ‘ਤੇ ਹਨ, ਜਿੱਥੇ ਉਹ ਪੰਜਾਬ ਯੂਨੀਵਰਸਿਟੀ (ਪੀ.ਯੂ.) ਵਿਖੇ ਆਯੋਜਿਤ ਇੱਕ ਅਹਿਮ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਪ ਰਾਸ਼ਟਰਪਤੀ ਦੇ ਆਗਮਨ ਨੂੰ ਧਿਆਨ ਵਿੱਚ ਰੱਖਦਿਆਂ ਯੂਨੀਵਰਸਿਟੀ ਕੈਂਪਸ ਸਮੇਤ ਪੂਰੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਅਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਮੀਡੀਆ ਕਰਮੀਆਂ ਨੂੰ ਸਵੇਰੇ 10:30 ਵਜੇ ਤੱਕ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸਮਾਗਮ ਵਾਲੀ ਥਾਂ ‘ਤੇ ਦਾਖ਼ਲੇ ਲਈ ਲਾਅ ਵਿਭਾਗ ਵਾਲੇ ਪਾਸਿਓਂ ਵਿਸ਼ੇਸ਼ ਰੂਟ ਤੈਅ ਕੀਤਾ ਗਿਆ ਹੈ। ਉੱਚ ਪੱਧਰੀ ਸੁਰੱਖਿਆ ਮਾਪਦੰਡਾਂ ਕਾਰਨ ਆਡੀਟੋਰੀਅਮ ਦੇ ਅੰਦਰ ਮੋਬਾਈਲ ਫ਼ੋਨ, ਕੋਈ ਵੀ ਇਲੈਕਟ੍ਰਾਨਿਕ ਸਮਾਨ ਅਤੇ ਪਾਣੀ ਦੀਆਂ ਬੋਤਲਾਂ ਲਿਜਾਣ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਸਮਾਗਮ ਦੀ ਕਵਰੇਜ ਲਈ ਸਿਰਫ਼ ਵੀਡੀਓ ਕੈਮਰੇ ਅਤੇ ਪੇਸ਼ੇਵਰ ਕੈਮਰੇ ਹੀ ਅੰਦਰ ਲਿਜਾਣ ਦੀ ਖੁੱਲ੍ਹ ਹੋਵੇਗੀ, ਜਦਕਿ ਮੋਬਾਈਲ ਫ਼ੋਨ ਰਾਹੀਂ ਫੋਟੋਗ੍ਰਾਫ਼ੀ ਜਾਂ ਵੀਡੀਓਗ੍ਰਾਫ਼ੀ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵੀ.ਆਈ.ਪੀ. ਦੌਰੇ ਅਤੇ ਜਨਮ ਅਸ਼ਟਮੀ ਕਾਰਨ ਟ੍ਰੈਫਿਕ ਰੂਟ ਡਾਇਵਰਟ
ਉਪ ਰਾਸ਼ਟਰਪਤੀ ਦੇ ਦੌਰੇ ਅਤੇ ਸ਼ਹਿਰ ਭਰ ਵਿੱਚ ਮਨਾਏ ਜਾ ਰਹੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਦੇ ਮੱਦੇਨਜ਼ਰ ਟ੍ਰੈਫਿਕ ਵਿਵਸਥਾ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਦੋਵਾਂ ਵੱਡੇ ਆਯੋਜਨਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸਥਾਰਪੂਰਵਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਰੂਟਾਂ ‘ਤੇ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਅਤੇ ਆਪਣੇ ਨਿਰਧਾਰਤ ਸਫ਼ਰ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।
ਸ਼ਹਿਰ ਦੇ ਦੋ ਮੁੱਖ ਖੇਤਰਾਂ ਵਿੱਚ ਟ੍ਰੈਫਿਕ ਰਹੇਗਾ ਪ੍ਰਭਾਵਿਤ
ਜਨਮ ਅਸ਼ਟਮੀ ਸਮਾਗਮਾਂ ਦੇ ਮੱਦੇਨਜ਼ਰ ਅੱਜ ਦੁਪਹਿਰ 12 ਵਜੇ ਤੋਂ ਲੈ ਕੇ ਦੇਰ ਰਾਤ 1 ਵਜੇ ਤੱਕ ਸ਼ਹਿਰ ਦੇ ਦੋ ਪ੍ਰਮੁੱਖ ਧਾਰਮਿਕ ਕੇਂਦਰਾਂ ਦੇ ਆਸ-ਪਾਸ ਟ੍ਰੈਫਿਕ ਨੂੰ ਕੰਟਰੋਲ ਅਤੇ ਡਾਇਵਰਟ ਕੀਤਾ ਜਾਵੇਗਾ:
ਸੈਕਟਰ-36 ਇਸਕਾਨ ਮੰਦਰ: ਇੱਥੇ ਜਨਮ ਅਸ਼ਟਮੀ ਦੇ ਵੱਡੇ ਇਕੱਠ ਕਾਰਨ ਦੱਖਣ ਮਾਰਗ ‘ਤੇ ਕਿਸਾਨ ਭਵਨ ਚੌਕ (ਸੈਕਟਰ 22/23-35/36 ਚੌਕ) ਤੋਂ ਲੈ ਕੇ ਬੱਤਰਾ ਚੌਕ (ਸੈਕਟਰ 23/24-36/37 ਚੌਕ) ਤੱਕ ਟ੍ਰੈਫਿਕ ਪੂਰੀ ਤਰ੍ਹਾਂ ਨਿਯੰਤਰਿਤ ਰਹੇਗ
ਸੈਕਟਰ-20 ਦੇ ਮੰਦਰ: ਸੈਕਟਰ 20 ਸਥਿਤ ਮੰਦਰਾਂ ਵਿੱਚ ਚੱਲਣ ਵਾਲੇ ਜਨਮ ਅਸ਼ਟਮੀ ਸਮਾਗਮਾਂ ਕਾਰਨ ਸੈਕਟਰ 20/21 ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ 20/30 ਲਾਈਟ ਪੁਆਇੰਟ ਤੱਕ ਆਮ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ।
ਨੋ ਪਾਰਕਿੰਗ ‘ਚ ਗੱਡੀ ਖੜ੍ਹੀ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ
ਟ੍ਰੈਫਿਕ ਪੁਲਿਸ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਮਹਿਮਾਨਾਂ, ਪਤਵੰਤਿਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ‘ਤੇ ਹੀ ਆਪਣੇ ਵਾਹਨ ਖੜ੍ਹੇ ਕਰਨ ਦੀ ਹਦਾਇਤ ਕੀਤੀ ਹੈ। ਸ਼ਹਿਰ ਦੇ ਸਾਈਕਲ ਟਰੈਕਾਂ, ਪੈਦਲ ਮਾਰਗਾਂ (ਫੁੱਟਪਾਥਾਂ) ਅਤੇ ‘ਨੋ ਪਾਰਕਿੰਗ’ ਵਾਲੇ ਖੇਤਰਾਂ ਵਿੱਚ ਵਾਹਨ ਖੜ੍ਹੇ ਕਰਨ ਜਾਂ ਚਲਾਉਣ ‘ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੌਕੇ ‘ਤੇ ਚਲਾਨ ਕੱਟੇ ਜਾਣਗੇ ਅਤੇ ਲੋੜ ਪੈਣ ‘ਤੇ ਵਾਹਨਾਂ ਨੂੰ ਕਰੇਨ ਰਾਹੀਂ ਟੋਅ (ਜ਼ਬਤ) ਕਰ ਲਿਆ ਜਾਵੇਗਾ। ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਵਿਵਸਥਾ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਲਈ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਸਾਥ ਦੇਣ।
