ਗੁਰਪ੍ਰੀਤ ਸਿੰਘ :- ਪੁਲਸ ਨੇ ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲਿਆਨ ਦੇ ਕਤਲ ਮਾਮਲੇ ਵਿੱਚ ਅਜੇ ਵੀ ਫਰਾਰ 2 ਕਥਿਤ ਸ਼ੂਟਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ, ਅਤੇ ਉਨ੍ਹਾਂ ਦੀ ਸੂਚਨਾ ਦੇਣ ‘ਤੇ ਇਨਾਮ ਨੂੰ ਦੁੱਗਣਾ ਕਰਕੇ 1 ਲੱਖ ਰੁਪਏ ਕਰ ਦਿੱਤਾ ਹੈ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਮਲੀ ਦੇ ਪੁਲਸ ਸੁਪਰਡੈਂਟ ਨਰਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਦੋ ਲੋੜੀਂਦੇ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਹਰਿਆਣਾ ਦੇ ਸਤਯਮ ਅਤੇ ਆਰੀਅਨ ਵਜੋਂ ਹੋਈ ਹੈ, ‘ਤੇ ਪਹਿਲਾਂ ਐਲਾਨੇ ਗਏ 50,000 ਰੁਪਏ ਦੇ ਇਨਾਮ ਨੂੰ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਸਿੰਘ ਨੇ ਕਿਹਾ, “ਪੁਲਸ ਟੀਮਾਂ ਨੇ ਬਾਕੀ 2 ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਸ਼ੱਕੀ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।” ਬਾਲਿਆਨ (32) ਦਾ 26 ਅਗਸਤ ਨੂੰ ਸ਼ਾਮਲੀ ਵਿੱਚ ਇੱਕ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਪਹਿਲਾਂ ਕਿਹਾ ਸੀ ਕਿ 2 ਮੋਟਰਸਾਈਕਲਾਂ ‘ਤੇ ਸਵਾਰ 4 ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਈਆਂ, ਜਦੋਂ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੇ 2 ਸ਼ੱਕੀ ਨਿਸ਼ਾਨੇਬਾਜ਼, ਮੋਹਿਤ (22) ਅਤੇ ਸੁਮਿਤ (24) 31 ਅਗਸਤ ਨੂੰ ਸ਼ਾਮਲੀ ਵਿੱਚ ਪੁਲਸ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ। ਉਨ੍ਹਾਂ ਤੋਂ 3 ਪਿਸਤੌਲਾਂ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਸਨ। ਉੱਤਰ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਰਾਜੀਵ ਕ੍ਰਿਸ਼ਨਾ ਨੇ ਇਸ ਕਤਲ ਨੂੰ “ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼” ਦੱਸਿਆ ਸੀ। ਜਾਂਚਕਰਤਾ ਗੋਗੀ ਗੈਂਗ ਨਾਲ ਜੁੜੇ ਇੱਕ ਨੈੱਟਵਰਕ ਦੀ ਸ਼ੱਕੀ ਸ਼ਮੂਲੀਅਤ ਦੀ ਵੀ ਜਾਂਚ ਕਰ ਰਹੇ ਹਨ।
ਸੂਤਰਾਂ ਮੁਤਾਬਾਕ ਪੁਲਸ ਬਾਕੀ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਕਤਲ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕਰ ਰਹੀ ਹੈ। ਗਾਇਕ ਦੇ ਪਰਿਵਾਰ ਨੇ ਮੁਕਾਬਲੇ ਵਿੱਚ 2 ਸ਼ੱਕੀਆਂ ਦੇ ਮਾਰੇ ਜਾਣ ਦਾ ਸਵਾਗਤ ਕੀਤਾ ਪਰ ਮੰਗ ਕੀਤੀ ਕਿ ਬਾਕੀ ਮੁਲਜ਼ਮਾਂ ਨੂੰ ਵੀ “ਖਤਮ” ਕੀਤਾ ਜਾਵੇ।
