ਗੁਰਪ੍ਰੀਤ ਸਿੰਘ :- ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਬਾਸਮਤੀ ਦੀ ਆਮਦ ਸ਼ੁਰੂ ਹੋ ਗਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ਵਿੱਚ ਵੀ ਕਿਸਾਨ ਬਾਸਮਤੀ ਦੀ ਫਸਲ ਲੈ ਕੇ ਪਹੁੰਚਣ ਲੱਗੇ ਹਨ। ਇਸ ਵਾਰ ਚੰਗੇ ਝਾੜ ਅਤੇ ਵਧੀਆ ਭਾਅ ਕਾਰਨ ਕਿਸਾਨਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਜ਼ੀ ਮੀਡੀਆ ਦੀ ਟੀਮ ਵੱਲੋਂ ਖੰਨਾ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਬਾਸਮਤੀ ਦੀ ਆਮਦ, ਝਾੜ ਅਤੇ ਮੌਜੂਦਾ ਭਾਅ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਮੌਸਮ ਦੀ ਮਾਰ ਨਾ ਪੈਣ ਕਾਰਨ ਚੰਗੀ ਹੋਈ ਫਸਲ
ਇਸ ਵਾਰ ਬਾਸਮਤੀ ਦੀ ਫਸਲ ਲਈ ਮੌਸਮ ਕਾਫੀ ਹੱਦ ਤੱਕ ਅਨੁਕੂਲ ਰਿਹਾ। ਕਿਸਾਨਾਂ ਮੁਤਾਬਕ ਵੱਡੇ ਨੁਕਸਾਨ ਤੋਂ ਬਚਾਅ ਹੋਣ ਕਾਰਨ ਫਸਲ ਚੰਗੀ ਹੋਈ ਹੈ। ਕਈ ਕਿਸਾਨਾਂ ਨੂੰ ਪ੍ਰਤੀ ਏਕੜ 20 ਕੁਇੰਟਲ ਤੋਂ ਵੱਧ ਝਾੜ ਮਿਲ ਰਿਹਾ ਹੈ।
ਚੰਗੇ ਝਾੜ ਦੇ ਨਾਲ ਬਾਸਮਤੀ ਦੇ ਭਾਅ ਵੀ ਕਿਸਾਨਾਂ ਲਈ ਰਾਹਤ ਲੈ ਕੇ ਆਏ ਹਨ। ਖੰਨਾ ਮੰਡੀ ਵਿੱਚ ਬਾਸਮਤੀ ਦਾ ਭਾਅ ਕਰੀਬ 4,000 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਕਿਸਾਨਾਂ ਨੂੰ ਉਮੀਦ ਹੈ ਕਿ ਜੇਕਰ ਭਾਅ ਇਸੇ ਤਰ੍ਹਾਂ ਮਜ਼ਬੂਤ ਰਹੇ ਤਾਂ ਪਿਛਲੀਆਂ ਫਸਲਾਂ ਵਿੱਚ ਹੋਏ ਨੁਕਸਾਨ ਦੀ ਕਾਫੀ ਹੱਦ ਤੱਕ ਭਰਪਾਈ ਹੋ ਸਕਦੀ ਹੈ।
ਕਿਸਾਨਾਂ ਨੇ ਕੀਤੀ ਸਰਕਾਰੀ ਖਰੀਦ ਦੀ ਮੰਗ
ਕਿਸਾਨਾਂ ਦਾ ਕਹਿਣਾ ਹੈ ਕਿ ਚੰਗੀ ਫਸਲ ਅਤੇ ਵਧੀਆ ਭਾਅ ਨੇ ਉਨ੍ਹਾਂ ਦੀਆਂ ਉਮੀਦਾਂ ਵਧਾਈਆਂ ਹਨ। ਹਾਲਾਂਕਿ ਉਨ੍ਹਾਂ ਨੇ ਸਰਕਾਰ ਤੋਂ ਬਾਸਮਤੀ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰੀ ਖਰੀਦ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਹੋਰ ਵੱਡੀ ਰਾਹਤ ਮਿਲ ਸਕਦੀ ਹੈ।
10 ਦਿਨਾਂ ਦੇ ਅੰਦਰ ਅਦਾਇਗੀ ਦੀ ਹਦਾਇਤ
ਖੰਨਾ ਮੰਡੀ ਦੇ ਪ੍ਰਧਾਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੋਣ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਪਾਰੀ ਇੱਥੇ ਫਸਲ ਦੀ ਖਰੀਦ ਲਈ ਪਹੁੰਚਦੇ ਹਨ।
ਉਨ੍ਹਾਂ ਦੱਸਿਆ ਕਿ ਫਸਲ ਖਰੀਦਣ ਵਾਲੇ ਵਪਾਰੀਆਂ ਨੂੰ ਕਿਸਾਨਾਂ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਹਦਾਇਤ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਕਿਸਾਨਾਂ ਦੀ ਫਸਲ ਖਰੀਦਣ ਤੋਂ ਬਾਅਦ ਵੱਧ ਤੋਂ ਵੱਧ 10 ਦਿਨਾਂ ਦੇ ਅੰਦਰ ਪੇਮੈਂਟ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ।
