ਚੰਡੀਗੜ੍ਹ 9 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਰਾਜ ਜਨਰਲ ਸਕੱਤਰ (ਸੰਗਠਨ) ਅਤੇ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਭਾਜਪਾ ਵੱਲੋਂ ਉਲੀਕੀਆਂ ਗਈਆਂ ਨਸ਼ਾ ਵਿਰੋਧੀ ਯਾਤਰਾਵਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵੱਖਰਾ ਸਿਆਸੀ ਪ੍ਰਚਾਰ ਸ਼ੁਰੂ ਕਰਨ ਦੀ ਬਜਾਏ ਪੰਜਾਬ ਵਿੱਚ ਚੱਲ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਬਲਤੇਜ ਪੰਨੂ ਨੇ ਕਿਹਾ ਕਿ ਮਾਰਚ 2025 ਤੋਂ ਹੁਣ ਤੱਕ ਚਲਾਈ ਗਈ ਵਿਸ਼ਾਲ ਕਾਰਵਾਈ ਤਹਿਤ 60,239 ਮਾਮਲੇ ਦਰਜ ਕੀਤੇ ਗਏ ਹਨ ਅਤੇ 77,509 ਵਿਅਕਤੀਆਂ ‘ਤੇ ਕੇਸ ਦਰਜ ਕੀਤਾ ਗਿਆ ਹੈ, ਜੋ ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਦੇ ਪੱਧਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਹੁਣ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ।
‘ਆਪ’ ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਭਾਜਪਾ ਨੂੰ ਹੁਣ ਇਸ ਮੁੱਦੇ ਨੂੰ ਸਿਆਸੀ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ 2007-17 ਦੇ ਅਕਾਲੀ-ਭਾਜਪਾ ਸ਼ਾਸਨ ਦੌਰਾਨ ਪੰਜਾਬ ਵਿੱਚ ਫੈਲੇ ‘ਚਿੱਟੇ’ ਦੇ ਦੌਰ ਅਤੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਜਾਲ ਵਿੱਚ ਧੱਕਣ ਦਾ ਜਵਾਬ ਦੇਣਾ ਚਾਹੀਦਾ ਹੈ।
18 ਤੋਂ 30 ਸਤੰਬਰ ਤੱਕ ਭਾਜਪਾ ਵੱਲੋਂ ਸੂਬਾ ਪੱਧਰੀ ਨਸ਼ਾ ਵਿਰੋਧੀ ਯਾਤਰਾਵਾਂ ਕੱਢਣ ਦੀਆਂ ਯੋਜਨਾਵਾਂ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ, “ਪੰਜਾਬ ਪਿਛਲੇ 1.6 ਸਾਲਾਂ ਤੋਂ ਨਸ਼ਿਆਂ ਵਿਰੁੱਧ ਇੱਕ ਨਿਰੰਤਰ, ਲੋਕ-ਅਧਾਰਿਤ ਜੰਗ ਲੜ ਰਿਹਾ ਹੈ ਅਤੇ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵੱਡੇ ਪੱਧਰ ਦੇ ਯਤਨ ਪੰਜਾਬ ਦੀ ਇਸ ਜੰਗ ਪ੍ਰਤੀ ਗੰਭੀਰਤਾ ਨੂੰ ਦਰਸਾਉਂਦੇ ਹਨ।”
ਉਨ੍ਹਾਂ ਕਿਹਾ ਕਿ ਚੱਲ ਰਹੀ ਜਨਤਕ ਲੜਾਈ ਨੂੰ ਮਜ਼ਬੂਤ ਕਰਨ ਦੀ ਬਜਾਏ ਵੱਖਰੀ ਮੁਹਿੰਮ ਸ਼ੁਰੂ ਕਰਨ ਦਾ ਭਾਜਪਾ ਦਾ ਫੈਸਲਾ ਇਹ ਦਿਖਾਉਂਦਾ ਹੈ ਕਿ ਪਾਰਟੀ ਦੀ ਦਿਲਚਸਪੀ ਸਿਰਫ਼ ਆਪਣਾ ਸਿਆਸੀ ਏਜੰਡਾ ਬਣਾਉਣ ਵਿੱਚ ਹੈ। ਬਲਤੇਜ ਪੰਨੂ ਨੇ ਜ਼ੋਰ ਦੇ ਕੇ ਕਿਹਾ, “ਭਾਜਪਾ ਨੂੰ ਸਾਡੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਅਸੀਂ ਪਿਛਲੇ ਡੇਢ ਸਾਲ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ। ਇੰਨੇ ਵੱਡੇ ਪੱਧਰ ‘ਤੇ ਕੋਈ ਯਤਨ ਕਿਸੇ ਹੋਰ ਰਾਜ ਜਾਂ ਦੇਸ਼ ਵਿੱਚ ਨਹੀਂ ਹੋਇਆ, ਕਿਉਂਕਿ ਅਸੀਂ ਲੋਕਾਂ ਨੂੰ ਨਾਲ ਲੈ ਕੇ ਇਹ ਜੰਗ ਲੜ ਰਹੇ ਹਾਂ।”
ਉਨ੍ਹਾਂ ਕਿਹਾ, “ਭਾਜਪਾ ਨੇ ਆਪਣੀ ਵੱਖਰੀ ਮੁਹਿੰਮ ਇਸ ਲਈ ਸ਼ੁਰੂ ਕੀਤੀ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਅਸੀਂ ਇਸ ਲੜਾਈ ਵਿੱਚ ਸਫਲ ਹੋ ਰਹੇ ਹਾਂ, ਅਤੇ ਇਸ ਲਈ ਉਹ ਸਾਡੇ ਕੰਮ ਨੂੰ ਢਾਹ ਲਾਉਣਾ ਚਾਹੁੰਦੀ ਹੈ।”
ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ 1 ਮਾਰਚ, 2025 ਤੋਂ 8 ਸਤੰਬਰ, 2026 ਦਰਮਿਆਨ 60,239 ਮਾਮਲੇ ਦਰਜ ਕੀਤੇ ਗਏ ਹਨ ਅਤੇ 77,509 ਵਿਅਕਤੀਆਂ ‘ਤੇ ਕੇਸ ਦਰਜ ਕੀਤੇ ਗਏ ਹਨ, ਜੋ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸਫ਼ਲਤਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਦੱਸਿਆ, “ਇਸ ਮੁਹਿੰਮ ਦੌਰਾਨ 3,821.105 ਕਿਲੋ ਹੀਰੋਇਨ, 971.670 ਕਿਲੋ ਅਫ਼ੀਮ, 45,209.509 ਕਿਲੋ ਭੁੱਕੀ/ਹਰੇ ਪੋਧੇ, 1,329.192 ਕਿਲੋ ਗਾਂਜਾ, 129.533 ਕਿਲੋ ਚਰਸ, 72.224 ਕਿਲੋ ਆਈਸ ਅਤੇ 4.646 ਕਿਲੋ ਕੋਕੀਨ ਤੋਂ ਇਲਾਵਾ 62,61,754 ਗੋਲੀਆਂ/ਕੈਪਸੂਲ, 4,241 ਟੀਕੇ ਅਤੇ 22.03 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।”
ਬਲਤੇਜ ਪੰਨੂ ਨੇ ਭਾਜਪਾ ਨੂੰ ਇਹ ਵੀ ਯਾਦ ਕਰਵਾਇਆ ਕਿ ਉਹ 2007 ਤੋਂ 2017 ਤੱਕ ਪੰਜਾਬ ‘ਤੇ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਇਹ ਉਹੀ ਦਹਾਕਾ ਸੀ ਜਦੋਂ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ‘ਚਿੱਟੇ’ ਦੇ ਖ਼ਤਰਨਾਕ ਜਾਲ ਵਿੱਚ ਧੱਕ ਦਿੱਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸ਼ਾਸਨ ਦੌਰਾਨ ‘ਚਿੱਟਾ’ ਪੰਜਾਬ ਦੇ ਨਸ਼ੇ ਦੇ ਸੰਕਟ ਦਾ ਦੂਜਾ ਨਾਂ ਬਣ ਗਿਆ ਸੀ, ਜਦੋਂ ਕਿ ਨਸ਼ਾ ਤਸਕਰੀ ਨੂੰ ਸਿਆਸੀ ਸਰਪ੍ਰਸਤੀ ਅਤੇ ਤਸਕਰਾਂ, ਪੁਲਿਸ ਦੇ ਇੱਕ ਹਿੱਸੇ ਤੇ ਸਿਆਸੀ ਨੇਤਾਵਾਂ ਵਿਚਕਾਰ ਗੰਢਤੁੱਪ ਦੇ ਦੋਸ਼ ਵਾਰ-ਵਾਰ ਸਾਹਮਣੇ ਆਏ ਸਨ।
ਬਲਤੇਜ ਪੰਨੂ ਨੇ ਕਿਹਾ, “ਇਸ ਲਈ ਅੱਜ ਨਸ਼ਿਆਂ ਨੂੰ ਚੋਣ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਭਾਜਪਾ ਨੂੰ ਅਕਾਲੀਆਂ ਨਾਲ ਆਪਣੇ ਦਹਾਕੇ ਦੇ ਸ਼ਾਸਨ ਦੌਰਾਨ ਪੰਜਾਬ ਦੇ ਨੌਜਵਾਨਾਂ ਦੇ ਹੋਏ ਨੁਕਸਾਨ ਦਾ ਜਵਾਬ ਦੇਣਾ ਚਾਹੀਦਾ ਹੈ।”
ਬਲਤੇਜ ਪੰਨੂ ਨੇ ਅੰਤ ਵਿੱਚ ਕਿਹਾ, “ਜੇਕਰ ਭਾਜਪਾ ਸੱਚਮੁੱਚ ਨਸ਼ਿਆਂ ਵਿਰੁੱਧ ਲੜਨਾ ਚਾਹੁੰਦੀ ਹੈ, ਤਾਂ ਉਸਨੂੰ ਚੱਲ ਰਹੀ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਬਜਾਏ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਇਸ ਲੜਾਈ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।”
