ਲੰਡਨ (ਰਾਜੀਵ ਸ਼ਰਮਾ): ਇਤਿਹਾਸਕ ਵੈਂਬਲੀ ਸਟੇਡੀਅਮ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਨਜ਼ਰ ਆਇਆ, ਜਦੋਂ ਦਿਲਜੀਤ ਦੋਸਾਂਝ ਨੇ ਲਗਭਗ 90,000 ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ਸਾਹਮਣੇ ਆਪਣੀ ਪੇਸ਼ਕਾਰੀ ਦਿੱਤੀ। ਇਹ ਪਲ ਕੌਮਾਂਤਰੀ ਪੱਧਰ ‘ਤੇ ਪੰਜਾਬੀ ਸੰਗੀਤ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ ਹੈ।
ਗਾਇਕ 12 ਸਤੰਬਰ ਨੂੰ ਆਪਣੇ ‘ਔਰਾ ਵਰਲਡ ਟੂਰ’ (Aura World Tour) ਤਹਿਤ ਲੰਡਨ ਪਹੁੰਚਿਆ ਅਤੇ ਸਟੇਡੀਅਮ ਪ੍ਰਬੰਧਕਾਂ ਅਨੁਸਾਰ, ਉਹ ਵੈਂਬਲੀ ਸਟੇਡੀਅਮ ਵਿੱਚ ਮੁੱਖ ਕਲਾਕਾਰ (ਹੈੱਡਲਾਈਨਰ) ਵਜੋਂ ਸ਼ੋਅ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ।
ਇੱਕ ਅਜਿਹੇ ਫ਼ਨਕਾਰ ਲਈ ਜਿਸ ਦਾ ਸੰਗੀਤ ਪੰਜਾਬ ਦੀਆਂ ਹੱਦਾਂ ਪਾਰ ਕਰਕੇ ਦੂਰ-ਦੁਰਾਡੇ ਪਹੁੰਚ ਚੁੱਕਾ ਹੈ, ਇਹ ਪੇਸ਼ਕਾਰੀ ਉਸ ਦੇ ਆਲਮੀ ਸਫ਼ਰ ਦਾ ਇੱਕ ਹੋਰ ਵੱਡਾ ਕਦਮ ਸੀ। ਇਸ ਇਤਿਹਾਸਕ ਰਾਤ ਨੇ ਪੰਜਾਬੀ ਸੰਗੀਤ ਨੂੰ ਉਨ੍ਹਾਂ ਵੱਡੇ ਕੌਮਾਂਤਰੀ ਨਾਵਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ ਜੋ ਪਹਿਲਾਂ ਵੈਂਬਲੀ ਦੇ ਮੰਚ ਦਾ ਸ਼ਿੰਗਾਰ ਬਣ ਚੁੱਕੇ ਹਨ।
ਪੰਜਾਬ ਤੋਂ ਵੈਂਬਲੀ ਤੱਕ ਦਾ ਸਫ਼ਰ
ਦੋਸਾਂਝ ਨੇ ਸ਼ੋਅ ਦਾ ਆਗਾਜ਼ ਆਪਣੇ ਉਸ ਜਾਣੇ-ਪਛਾਣੇ ਅੰਦਾਜ਼ ਨਾਲ ਕੀਤਾ, ਜਿਸ ਨੇ ਤੁਰੰਤ ਹੀ ਸਮੁੱਚੇ ਮਾਹੌਲ ਨੂੰ ਉਸ ਦੀ ਪੰਜਾਬੀਅਤ ਦੀ ਪਛਾਣ ਨਾਲ ਜੋੜ ਦਿੱਤਾ।
ਉਸ ਨੇ ਲੰਡਨ ਦੇ ਇਸ ਇਤਿਹਾਸਕ ਮੰਚ ਅਨੁਸਾਰ ਆਪਣੇ ਖ਼ਾਸ ਬੋਲਾਂ ਨੂੰ ਢਾਲਦਿਆਂ ਗੂੰਜਵੀਂ ਆਵਾਜ਼ ਵਿੱਚ ਕਿਹਾ, “ਪੰਜਾਬੀ ਆ ਗਏ ਵੈਂਬਲੀ ਓਏ!”
ਸਟੇਡੀਅਮ ਵਿੱਚ ਮੌਜੂਦ ਵਿਸ਼ਾਲ ਇਕੱਠ ਨੇ ਜ਼ੋਰਦਾਰ ਚੀਕਾਂ ਤੇ ਤਾੜੀਆਂ ਨਾਲ ਇਸ ਦਾ ਜਵਾਬ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਮਸ਼ਹੂਰ ਗੀਤਾਂ—’ਜੀ.ਓ.ਏ.ਟੀ.’ (G.O.A.T.), ‘ਲਵਰ’ (Lover), ‘ਹੱਸ ਹੱਸ’ (Hass Hass) ਅਤੇ ‘ਬੌਰਨ ਟੂ ਸ਼ਾਈਨ’ (Born to Shine)—ਦੀ ਝੜੀ ਲਗਾ ਦਿੱਤੀ।
ਰਵਾਇਤੀ ਪਹਿਰਾਵੇ ਵਿੱਚ ਸਜਿਆ ਦਿਲਜੀਤ ਰਾਤ ਕਰੀਬ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਸਟੇਜ ‘ਤੇ ਆਇਆ ਅਤੇ ਦੋ ਘੰਟੇ ਤੋਂ ਵੱਧ ਸਮਾਂ ਲਗਾਤਾਰ ਦਰਸ਼ਕਾਂ ਦੇ ਰੂ-ਬ-ਰੂ ਰਿਹਾ। ਭੰਗੜੇ, ਪੰਜਾਬੀ ਧੁਨਾਂ, ਰੈਪ ਅਤੇ ਹਿੱਪ-ਹੌਪ ਦੇ ਸੁਮੇਲ ਨੇ ਪੂਰੀ ਸ਼ਾਮ ਦਰਸ਼ਕਾਂ ਨੂੰ ਨੱਚਣ ਲਾਈ ਰੱਖਿਆ।
ਸੱਭਿਆਚਾਰਕ ਨੁਮਾਇੰਦਗੀ ਦੀ ਰਾਤ
ਬਰਤਾਨੀਆ ਦੇ ਵਿਸ਼ਾਲ ਪੰਜਾਬੀ ਭਾਈਚਾਰੇ ਲਈ ਇਹ ਸੰਗੀਤਕ ਸ਼ੋਅ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ ਸੀ।
ਪਰਿਵਾਰਕ ਇਕੱਠਾਂ, ਵਿਆਹਾਂ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਦੋਸਾਂਝ ਦੇ ਗੀਤ ਸੁਣ ਕੇ ਵੱਡੇ ਹੋਏ ਹਜ਼ਾਰਾਂ ਪ੍ਰਸ਼ੰਸਕ ਆਪਣੇ ਸੱਭਿਆਚਾਰ ਦੇ ਇਸ ਇਤਿਹਾਸਕ ਪਲ ਦੇ ਗਵਾਹ ਬਣਨ ਲਈ ਵੈਂਬਲੀ ਪਹੁੰਚੇ ਹੋਏ ਸਨ।
ਇਕੱਠ ਵਿੱਚ ਬਹੁਗਿਣਤੀ ਦੱਖਣੀ ਏਸ਼ੀਆਈ ਭਾਈਚਾਰੇ ਦੀ ਸੀ, ਪਰ ਦੂਜੇ ਭਾਈਚਾਰਿਆਂ ਦੇ ਲੋਕਾਂ ਨੇ ਵੀ ਇਸ ਜਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।
ਕੁਝ ਪ੍ਰਸ਼ੰਸਕਾਂ ਨੇ ਦੋਸਾਂਝ ਦੇ ਕੱਦ-ਬੁੱਤ ਦੀ ਤੁਲਨਾ ਆਲਮੀ ਸੰਗੀਤ ਜਗਤ ਦੀਆਂ ਮਹਾਨ ਹਸਤੀਆਂ ਨਾਲ ਕੀਤੀ, ਜੋ ਉਸ ਕਲਾਕਾਰ ਦੀ ਬੇਮਿਸਾਲ ਕਾਮਯਾਬੀ ਨੂੰ ਦਰਸਾਉਂਦੀ ਹੈ ਜਿਸ ਨੇ ਪੰਜਾਬੀ ਭਾਸ਼ਾ ਦੇ ਸੰਗੀਤ ਨੂੰ ਮਹਾਂਦੀਪਾਂ ਤੋਂ ਪਾਰ ਪਹੁੰਚਾਇਆ ਹੈ।
ਸਟੇਡੀਅਮ ਵਿੱਚ ਵੀ ਕਾਇਮ ਰੱਖਿਆ ਅਪਣੱਤ ਦਾ ਰਿਸ਼ਤਾ
ਹਜ਼ਾਰਾਂ ਦੀ ਭੀੜ ਸਾਹਮਣੇ ਪੇਸ਼ਕਾਰੀ ਕਰਦਿਆਂ ਕਲਾਕਾਰ ਅਤੇ ਸਰੋਤਿਆਂ ਵਿਚਾਲੇ ਦੂਰੀ ਬਣ ਜਾਣਾ ਸੁਭਾਵਿਕ ਹੁੰਦਾ ਹੈ, ਪਰ ਦੋਸਾਂਝ ਨੇ ਵਾਰ-ਵਾਰ ਇਸ ਪਾੜੇ ਨੂੰ ਮਿਟਾਉਣ ਦਾ ਯਤਨ ਕੀਤਾ।
ਉਸ ਨੇ ਵੱਖ-ਵੱਖ ਪੀੜ੍ਹੀਆਂ ਦੇ ਪ੍ਰਸ਼ੰਸਕਾਂ ਨੂੰ ਸਟੇਜ ‘ਤੇ ਸੱਦਿਆ, ਜਿਨ੍ਹਾਂ ਵਿੱਚ ਛੋਟੇ ਬੱਚੇ ਅਤੇ ਇੱਕ ਬਜ਼ੁਰਗ ਔਰਤ ਵੀ ਸ਼ਾਮਲ ਸਨ। ਉਸ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਤੋਹਫ਼ੇ ਵੀ ਵੰਡੇ।
ਉਸ ਨੇ ਸਟੇਡੀਅਮ ਦੇ ਸਭ ਤੋਂ ਪਿਛਲੇ ਅਤੇ ਉੱਚੇ ਹਿੱਸਿਆਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਅਤੇ ਸਾਰਿਆਂ ਨੂੰ ਉਨ੍ਹਾਂ ਲਈ ਤਾੜੀਆਂ ਵਜਾਉਣ ਲਈ ਕਿਹਾ, ਨਾਲ ਹੀ ਉਨ੍ਹਾਂ ਪ੍ਰਸ਼ੰਸਕਾਂ ਨੂੰ “ਵੱਡੇ ਦਿਲ ਵਾਲੇ” ਦੱਸਿਆ।
ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਨੇ ਸਟੈਂਡਿੰਗ ਏਰੀਏ ਦੇ ਕਈ ਹਿੱਸਿਆਂ ਨੂੰ ਇੱਕ ਵੱਡੇ ਪੰਜਾਬੀ ਵਿਆਹ ਵਰਗੇ ਮਾਹੌਲ ਵਿੱਚ ਬਦਲ ਦਿੱਤਾ, ਜਿੱਥੇ ਪ੍ਰਸ਼ੰਸਕ ਉਸ ਦੇ ਡਾਂਸ ਸਟੈੱਪਾਂ ਦੀ ਰੀਸ ਕਰਦੇ ਨੱਚ ਰਹੇ ਸਨ।
ਇੱਕ ਹੋਰ ਆਲਮੀ ਪ੍ਰਾਪਤੀ
ਵੈਂਬਲੀ ਹੁਣ ਦੋਸਾਂਝ ਦੀਆਂ ਕੌਮਾਂਤਰੀ ਪ੍ਰਾਪਤੀਆਂ ਦੀ ਲੰਮੀ ਸੂਚੀ ਵਿੱਚ ਇੱਕ ਹੋਰ ਨਵਾਂ ਅਧਿਆਇ ਬਣ ਗਿਆ ਹੈ।
ਸਾਲ 2023 ਵਿੱਚ ਉਹ ਕੋਚੈਲਾ (Coachella) ਵਿੱਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣਿਆ ਸੀ। ਇਸ ਤੋਂ ਬਾਅਦ ਮੈੱਟ ਗਾਲਾ (Met Gala) ਵਰਗੇ ਵੱਡੇ ਆਲਮੀ ਮੰਚਾਂ ‘ਤੇ ਉਸ ਦੀ ਹਾਜ਼ਰੀ ਨੇ ਉਸ ਦੀ ਕੌਮਾਂਤਰੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ।
ਸੰਸਾਰ ਪੱਧਰੀ ਹਸਤੀਆਂ ਅਤੇ ਸੰਗੀਤਕਾਰਾਂ ਨਾਲ ਉਸ ਦੀ ਸਾਂਝੇਦਾਰੀ ਨੇ ਉਨ੍ਹਾਂ ਸਰੋਤਿਆਂ ਨੂੰ ਵੀ ਪੰਜਾਬੀ ਸੰਗੀਤ ਨਾਲ ਜੋੜਿਆ ਹੈ ਜੋ ਇਸ ਬੋਲੀ ਤੋਂ ਅਣਜਾਣ ਸਨ।
ਐੱਡ ਸ਼ੀਰਨ (Ed Sheeran) ਨਾਲ ਉਸ ਦੀ ਸਾਂਝ ਅਤੇ ਜਿੰਮੀ ਫੈਲਨ (Jimmy Fallon) ਦੇ ਸ਼ੋਅ ਵਿੱਚ ਉਸ ਦੀ ਸ਼ਮੂਲੀਅਤ ਨੇ ਰਵਾਇਤੀ ਪੰਜਾਬੀ ਸੰਗੀਤ ਬਾਜ਼ਾਰ ਤੋਂ ਬਾਹਰ ਵੀ ਉਸ ਦਾ ਦਾਇਰਾ ਵਿਸ਼ਾਲ ਕੀਤਾ ਹੈ। ਬਾਲੀਵੁੱਡ ਵਿੱਚ ਉਸ ਦੇ ਕੰਮ ਅਤੇ ਸੋਸ਼ਲ ਮੀਡੀਆ ‘ਤੇ ਕਰੋੜਾਂ ਪ੍ਰਸ਼ੰਸਕਾਂ ਨੇ ਇਸ ਪਹੁੰਚ ਨੂੰ ਹੋਰ ਬਲ ਬਖ਼ਸ਼ਿਆ ਹੈ।
ਅਗਲਾ ਪੜਾਅ ਅਹਿਮਦਾਬਾਦ
ਵੈਂਬਲੀ ਦੇ ਇਸ ਮੰਚ ਤੋਂ ਦੋਸਾਂਝ ਨੇ ਆਪਣੇ ਦੇਸ਼ ਵਾਸੀ ਪ੍ਰਸ਼ੰਸਕਾਂ ਲਈ ਵੀ ਇੱਕ ਅਹਿਮ ਐਲਾਨ ਕੀਤਾ।
ਉਸ ਨੇ ਖ਼ੁਲਾਸਾ ਕੀਤਾ ਕਿ ਉਹ ਨਵੰਬਰ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਪਣਾ ਸ਼ੋਅ ਕਰੇਗਾ, ਜਿਸ ਨਾਲ ਉਸ ਦੀਆਂ ਇਤਿਹਾਸਕ ਪੇਸ਼ਕਾਰੀਆਂ ਦੀ ਸੂਚੀ ਵਿੱਚ ਇੱਕ ਹੋਰ ਵੱਡਾ ਸਟੇਡੀਅਮ ਜੁੜ ਜਾਵੇਗਾ।
ਲੰਡਨ ਦਾ ਇਹ ਸ਼ੋਅ ਆਤਿਸ਼ਬਾਜ਼ੀ ਦੀ ਰੌਸ਼ਨੀ ਅਤੇ ‘ਮੈਂ ਹੂੰ ਪੰਜਾਬੀ’ ਦੇ ਭਾਵੁਕ ਗੀਤ ਨਾਲ ਸਮਾਪਤ ਹੋਇਆ।
ਸ਼ੋਅ ਦੇਖਣ ਆਏ ਅਮਿਤ ਅਤੇ ਰਾਣੀ, ਜਿਨ੍ਹਾਂ ਨੇ ਯੂਕੇ ਵਿੱਚ ਦੋਸਾਂਝ ਦੇ ਪਿਛਲੇ ਸ਼ੋਅ ਵੀ ਦੇਖੇ ਸਨ, ਨੇ ਕਿਹਾ ਕਿ ਵੈਂਬਲੀ ਦਾ ਇਹ ਤਜਰਬਾ ਪਹਿਲਾਂ ਵੇਖੇ ਸਾਰੇ ਸ਼ੋਆਂ ਨਾਲੋਂ ਬਿਲਕੁਲ ਵੱਖਰਾ ਸੀ। ਉਨ੍ਹਾਂ ਨੇ ਇਸ ਮਾਹੌਲ ਨੂੰ ਲਾਜਵਾਬ ਦੱਸਦਿਆਂ ਕਿਹਾ ਕਿ ਇਹ ਮੌਕਾ ਪੰਜਾਬੀ ਸੱਭਿਆਚਾਰ ਦੇ ਜਸ਼ਨ ਦਾ ਪ੍ਰਤੀਕ ਬਣ ਗਿਆ ਹੈ।
‘ਅਸੀਂ ਵੀ ਇਹ ਕਰ ਸਕਦੇ ਹਾਂ’
ਸਟੇਜ ‘ਤੇ ਆਉਣ ਤੋਂ ਪਹਿਲਾਂ ਦੋਸਾਂਝ ਨੇ ਇੰਨੇ ਵੱਡੇ ਸਟੇਡੀਅਮ ਵਿੱਚ ਸ਼ੋਅ ਕਰਨ ਦੇ ਆਪਣੇ ਫ਼ੈਸਲੇ ਨਾਲ ਜੁੜੇ ਸ਼ੰਕਿਆਂ ਬਾਰੇ ਵੀ ਗੱਲ ਕੀਤੀ।
ਉਸ ਨੇ ਯਾਦ ਕਰਦਿਆਂ ਦੱਸਿਆ ਕਿ ਵੈਂਬਲੀ ਦੀ ਵੱਡੀ ਸਮਰੱਥਾ ਕਰਕੇ ਕਈ ਲੋਕਾਂ ਨੇ ਉਸ ਨੂੰ ਇੱਥੇ ਸ਼ੋਅ ਬੁੱਕ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰਨ ਦੀ ਸਲਾਹ ਦਿੱਤੀ ਸੀ।
ਪਰ ਗਾਇਕ ਲਈ ਇਸ ਮੰਚ ਦਾ ਇਹ ਵਿਸ਼ਾਲ ਆਕਾਰ ਹੀ ਸਭ ਤੋਂ ਵੱਡੀ ਗੱਲ ਸੀ।
ਉਸ ਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਪੰਜਾਬੀ ਦਰਸ਼ਕ ਇੱਥੋਂ ਇਹ ਭਾਵਨਾ ਲੈ ਕੇ ਜਾਣ ਕਿ ਉਹ ਵੀ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ‘ਤੇ ਪਹੁੰਚਣ ਦੇ ਸੁਫ਼ਨੇ ਵੇਖ ਸਕਦੇ ਹਨ।
ਉਸ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਸਾਡੇ ਲੋਕ ਖ਼ੁਸ਼ ਹੋਣ ਅਤੇ ਇਹ ਕਹਿ ਸਕਣ ਕਿ ਹਾਂ, ਅਸੀਂ ਵੀ ਇਹ ਕਰ ਸਕਦੇ ਹਾਂ!”
ਵੈਂਬਲੀ ਵਿਖੇ ਉਸ ਦੀ ਇਸ ਪੇਸ਼ਕਾਰੀ ਨੇ ਇਸ ਸੁਨੇਹੇ ਨੂੰ ਹੋਰ ਪੁਖ਼ਤਾ ਕਰ ਦਿੱਤਾ ਹੈ।
ਪੰਜਾਬ ਦੇ ਇੱਕ ਪਿੰਡ ਤੋਂ ਸ਼ੁਰੂ ਹੋ ਕੇ ਲੰਡਨ ਦੇ ਸਭ ਤੋਂ ਮਸ਼ਹੂਰ ਖੇਡ ਅਤੇ ਮਨੋਰੰਜਨ ਕੇਂਦਰ ਤੱਕ ਦਾ ਦੋਸਾਂਝ ਦਾ ਇਹ ਸਫ਼ਰ ਇਸ ਗੱਲ ਦੀ ਪ੍ਰਤੱਖ ਮਿਸਾਲ ਬਣ ਗਿਆ ਹੈ ਕਿ ਕਿਵੇਂ ਕੋਈ ਖੇਤਰੀ ਬੋਲੀ ਅਤੇ ਸੱਭਿਆਚਾਰ ਆਪਣੀ ਪਛਾਣ ਗੁਆਏ ਬਿਨਾਂ ਆਲਮੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰ ਸਕਦਾ ਹੈ।
