ਗੁਰਪ੍ਰੀਤ ਸਿੰਘ :- ਏਅਰ ਇੰਡੀਆ ਐਕਸਪ੍ਰੈੱਸ ਨੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਆਪਣੇ 8 ਹਵਾਈ ਅਮਲੇ ਦੇ ਮੈਂਬਰਾਂ ਨੂੰ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ 2 ਅਗਸਤ 2026 ਨੂੰ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਨਾਲ ਸਬੰਧਤ ਹੈ।ਜਾਣਕਾਰੀ ਅਨੁਸਾਰ ਉਡਾਣ ਦੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਹਵਾਈ ਅਮਲੇ ਲਈ ਲਾਜ਼ਮੀ ‘ਉਡਾਣ-ਉਪਰੰਤ ਘੋਸ਼ਣਾ ਪੱਤਰ’ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣਾ ਜ਼ਰੂਰੀ ਸੀ। ਨਿਯਮਾਂ ਮੁਤਾਬਕ ਇਹ ਘੋਸ਼ਣਾ ਪੱਤਰ ਜਹਾਜ਼ ਦੇ ਉਤਰਨ ਤੋਂ ਦੋ ਘੰਟਿਆਂ ਦੇ ਅੰਦਰ ਜਮ੍ਹਾਂ ਕਰਵਾਉਣਾ ਸੀ।ਹਾਲਾਂਕਿ, ਸਬੰਧਤ ਹਵਾਈ ਅਮਲੇ ਵੱਲੋਂ ਇਹ ਘੋਸ਼ਣਾ ਪੱਤਰ ਨਿਰਧਾਰਤ ਸਮੇਂ ਤੋਂ 35 ਮਿੰਟ ਬਾਅਦ ਜਮ੍ਹਾਂ ਕਰਵਾਇਆ ਗਿਆ।
ਇਸ ਦੇ ਮੱਦੇਨਜ਼ਰ ਮਾਮਲੇ ਦੀ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਦੇ ਮਹਾਨਿਰਦੇਸ਼ਕ (ਡੀਜੀਸੀਏ) ਨੂੰ ਵੀ ਦਿੱਤੀ ਗਈ।ਏਅਰਲਾਈਨ ਵੱਲੋਂ ਕੀਤੀ ਅੰਦਰੂਨੀ ਜਾਂਚ ਅਤੇ ਨਿਯਮਾਂ ਦੀ ਉਲੰਘਣਾ ਨੂੰ ਧਿਆਨ ਵਿੱਚ ਰੱਖਦਿਆਂ 8 ਅਮਲਾ ਮੈਂਬਰਾਂ ਵਿਰੁੱਧ ਤਿੰਨ ਮਹੀਨਿਆਂ ਦੀ ਮੁਅੱਤਲੀ ਦੀ ਕਾਰਵਾਈ ਕੀਤੀ ਗਈ ਹੈ। ਏਅਰਲਾਈਨ ਨੇ ਸੁਰੱਖਿਆ ਅਤੇ ਸੰਚਾਲਨ ਨਾਲ ਜੁੜੇ ਨਿਯਮਾਂ ਦੀ ਪਾਲਣਾ ਨੂੰ ਲਾਜ਼ਮੀ ਦੱਸਿਆ ਹੈ
