ਚੰਡੀਗੜ੍ਹ, 22 ਸਤੰਬਰ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ ਮਿਲੀ, ਜਦੋਂ ਸਾਬਕਾ ਸਾਂਸਦ ਸਵਰਗੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਆਪਣੇ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰਹਮਪੁਰਾ ਅਤੇ ਸਾਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਮੂਲੀਅਤ ਕਰਵਾਈ।

ਨਵੇਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮਾਜ ਅਤੇ ਪੰਜਾਬ ਲਈ ਚੰਗੀ ਸੋਚ ਰੱਖਣ ਵਾਲੇ ਲੋਕਾਂ ਦਾ ਆਮ ਆਦਮੀ ਪਾਰਟੀ ਵਿੱਚ ਹਮੇਸ਼ਾ ਸਵਾਗਤ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਮਾਝੇ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ। ਅਸੀਂ ਸਾਰੇ ਰਲ-ਮਿਲ ਕੇ ਪੰਜਾਬ ਦੇ ਵਿਕਾਸ ਅਤੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰਾਂਗੇ।

ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਲ ਆਪ ‘ਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ਵਿੱਚ ਕੰਵਰਦੀਪ ਸਿੰਘ ਬ੍ਰਹਮਪੁਰਾ, ਅਮਰੀਕ ਸਿੰਘ ਸਰਪੰਚ, ਹਰਜਿੰਦਰ ਸਿੰਘ ਬਾਦਸ਼ਾਹ, ਬਲਬੀਰ ਸਿੰਘ ਬੱਲੀ (ਡਾਇਰੈਕਟਰ), ਜਤਿੰਦਰ ਸਿੰਘ ਕੈਰੋਂ, ਫ਼ਤੇਹ, ਬਲਾਕ ਸੰਮਤੀ ਮੈਂਬਰ ਪਰਮਿੰਦਰ ਸਿੰਘ ਕੈਰੋਂ, ਗੁਰਭੇਜ ਸਿੰਘ ਕੈਰੋਂ, ਲਵਪ੍ਰੀਤ ਸਿੰਘ ਕੈਰੋਂ, ਬਲਜਿੰਦਰ ਸਿੰਘ ਗੋਹਲਵੜ, ਗੌਰਵਦੀਪ ਸਿੰਘ ਖਹਿਰਾ, ਜਗਮੀਤ ਹੁੰਦਲ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।

ਇਸ ਸ਼ਮੂਲੀਅਤ ਨਾਲ ਮਾਝਾ ਖੇਤਰ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਨਵੇਂ ਸ਼ਾਮਲ ਹੋਏ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਪੰਜਾਬ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਨਗੇ।

