ਭਾਰਤ ਨਾਲ ਵਪਾਰਕ ਗੱਲਬਾਤ ਸਹੀ ਦਿਸ਼ਾ ‘ਚ ਅੱਗੇ ਵਧ ਰਹੀ, ਮੋਦੀ ਦੀ ਕੈਨੇਡਾ ਫੇਰੀ ਦਾ ਬੇਸਬਰੀ ਨਾਲ ਇੰਤਜ਼ਾਰ – ਕਾਰਨੀ

ਰਾਜੀਵ ਸ਼ਰਮਾ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨਾਲ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ ਸਹੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ ਅਤੇ ਭਾਰਤ-ਕੈਨੇਡਾ ਰਿਸ਼ਤਾ ਕਈ ਪੱਖਾਂ ਤੋਂ ਬੇਹੱਦ ਅਹਿਮ ਹੈ।

ਸੰਯੁਕਤ ਰਾਸ਼ਟਰ ਮਹਾਸਭਾ (UNGA) ਦੌਰਾਨ ਨਿਊਯਾਰਕ ਵਿੱਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ, “ਭਾਰਤ ਨਾਲ ਸਾਡੀ ਵਪਾਰਕ ਗੱਲਬਾਤ ਵਧੀਆ ਢੰਗ ਨਾਲ ਚੱਲ ਰਹੀ ਹੈ। ਇਹ ਰਿਸ਼ਤਾ ਸਾਡੇ ਲਈ ਕਈ ਪੱਧਰਾਂ ‘ਤੇ ਬਹੁਤ ਮਹੱਤਵਪੂਰਨ ਹੈ।” ਉਨ੍ਹਾਂ ਦੱਸਿਆ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਤੀ ਹੀ ਕੈਨੇਡਾ ਦੇ ਦੌਰੇ ‘ਤੇ ਆਉਣਗੇ ਅਤੇ ਉਹ ਉਨ੍ਹਾਂ ਦੀ ਮੇਜ਼ਬਾਨੀ ਕਰਨ ਲਈ ਬੇਹੱਦ ਉਤਸੁਕ ਹਨ।

ਪੰਜਵੇਂ ਗੇੜ ਦੀ ਗੱਲਬਾਤ 5 ਅਕਤੂਬਰ ਤੋਂ

ਦੱਸਣਯੋਗ ਹੈ ਕਿ ਭਾਰਤ ਤੇ ਕੈਨੇਡਾ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਨੂੰ ਲੈ ਕੇ ਗੱਲਬਾਤ ਤੇਜ਼ ਕਰਨ ਵਿੱਚ ਲੱਗੇ ਹੋਏ ਹਨ। ਇਸ ਸਮਝੌਤੇ ਲਈ ਪੰਜਵੇਂ ਗੇੜ ਦੀ ਗੱਲਬਾਤ 5 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵਣਜ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਮੁੰਬਈ ਵਿੱਚ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਗੱਲਬਾਤ ਦਾ ਚੌਥਾ ਗੇੜ ਪੂਰਾ ਹੋ ਗਿਆ ਹੈ। ਗੋਇਲ ਨੇ ਕਿਹਾ ਕਿ ਇਹ ਗੱਲਬਾਤ ਬਹੁਤ ਲਾਹੇਵੰਦ ਰਹੀ ਅਤੇ ਦੋਵੇਂ ਧਿਰਾਂ ਨੇ ਗੱਲਬਾਤ ਨੂੰ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ 90 ਦਿਨ ਭਾਰਤ-ਕੈਨੇਡਾ ਰਿਸ਼ਤਿਆਂ ਲਈ ਬਹੁਤ ਅਹਿਮ ਸਾਬਤ ਹੋਣਗੇ।

2026 ਦੇ ਅੰਤ ਤੱਕ ਨਿਵੇਸ਼ ਸੁਰੱਖਿਆ ਸਮਝੌਤਾ

ਵਪਾਰਕ ਗੱਲਬਾਤ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਨਿਵੇਸ਼ ਸਬੰਧਾਂ ਨੂੰ ਵੀ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਅਗਸਤ ਮਹੀਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਭਾਰਤ ਤੇ ਕੈਨੇਡਾ 2026 ਦੇ ਅੰਤ ਤੱਕ ਨਿਵੇਸ਼ ਸੁਰੱਖਿਆ ਸਮਝੌਤਾ ਪੂਰਾ ਕਰ ਸਕਦੇ ਹਨ।

ਟੋਰਾਂਟੋ ਦੌਰੇ ਦੌਰਾਨ ਸੀਤਾਰਮਨ ਨੇ ਕਿਹਾ ਸੀ ਕਿ ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਨਿਵੇਸ਼ਕ ਸੁਰੱਖਿਆ ਸਮਝੌਤਾ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰਨਗੇ, ਪਰ ਇਸ ਦਾ ਸਮਾਂ ਕੈਨੇਡਾ ਦੇ ਵਿੱਤ ਮੰਤਰੀ ਫਰਾਂਸਵਾ-ਫਿਲਿਪ ਸ਼ੈਂਪੇਨ ਨਾਲ ਹੋਣ ਵਾਲੀ ਗੱਲਬਾਤ ‘ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਸੁਰੱਖਿਆ ਦੇ ਮਾਮਲੇ ਵਿੱਚ ਖੁੱਲ੍ਹੀ ਤੇ ਅਗਾਂਹਵਧੂ ਸੋਚ ਨਾਲ ਅੱਗੇ ਵਧ ਰਿਹਾ ਹੈ ਅਤੇ ਵਿੱਤੀ ਨਿਵੇਸ਼ ਸੁਰੱਖਿਆ ਨਵੀਂ ਦਿੱਲੀ ਲਈ ਇੱਕ ਬਹੁਤ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਭਾਰਤ ਤੇ ਕੈਨੇਡਾ ਦੁਨੀਆ ਦੇ ਸਭ ਤੋਂ ਕੁਦਰਤੀ ਭਾਈਵਾਲ ਹਨ।”

ਟਰੂਡੋ ਦੇ ਦੌਰ ਬਾਅਦ ਸੁਧਰੇ ਰਿਸ਼ਤੇ

ਗੌਰਤਲਬ ਹੈ ਕਿ ਭਾਰਤ ਤੇ ਕੈਨੇਡਾ ਵਿਚਾਲੇ ਇਹ ਨਵੀਂ ਵਪਾਰਕ ਪਹਿਲਕਦਮੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਆਏ ਕੂਟਨੀਤਕ ਤਣਾਅ ਦੇ ਦੌਰ ਤੋਂ ਬਾਅਦ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਨੇ 2025 ਵਿੱਚ ਵਪਾਰਕ ਗੱਲਬਾਤ ਮੁੜ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ CEPA ਦੀ ਨਵੀਂ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ। ਮੋਦੀ ਤੇ ਕਾਰਨੀ ਮਾਰਚ 2026 ਵਿੱਚ ਕਾਰਨੀ ਦੇ ਭਾਰਤ ਦੌਰੇ ਦੌਰਾਨ ਵੀ ਮਿਲੇ ਸਨ, ਜਿੱਥੇ ਦੋਵਾਂ ਆਗੂਆਂ ਨੇ ਵਪਾਰਕ ਗੱਲਬਾਤ ਤੇਜ਼ ਕਰਨ ਅਤੇ ਊਰਜਾ, ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਰੱਖਿਆ ਅਤੇ ਹੁਨਰ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟਾਈ ਸੀ।

By Rajeev Sharma

Leave a Reply

Your email address will not be published. Required fields are marked *