ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਅੱਜ ਹੋਣਗੇ ‘ਵਾਰਸ ਪੰਜਾਬ ਜਥੇਬੰਦੀ’ ‘ਚ ਸ਼ਾਮਲ, ਕਰਨਗੇ ਸਿਆਸੀ ਸਫ਼ਰ ਦੀ ਸ਼ੁਰੂਆਤ

ਗੁਰਪ੍ਰੀਤ ਸਿੰਘ :- ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੇ ਬਰਖ਼ਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਬੁੱਧਵਾਰ ਨੂੰ ਵਾਰਸ ਪੰਜਾਬ ਜਥੇਬੰਦੀ ’ਚ ਸ਼ਾਮਲ ਹੋ ਜਾਣਗੇ। ਵਾਰਸ ਪੰਜਾਬ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਬੁੱਧਵਾਰ ਨੂੰ 12 ਵਜੇ ਪ੍ਰੈੱਸ ਕਾਨਫਰੰਸ ਵੀ ਸੱਦੀ ਹੈ। ਹਾਲਾਂਕਿ ਵਾਰਸ ਪੰਜਾਬ ਜਥੇਬੰਦੀ ਦੇ ਕਿਸੇ ਵੀ ਆਗੂ ਨੇ ਇਨ੍ਹਾਂ ਆਗੂਆਂ ਦੇ ਨਾਮ ਦਾ ਵੇਰਵਾ ਜਨਤਕ ਨਹੀਂ ਕੀਤਾ ਪਰ ਸੂਤਰ ਦੱਸਦੇ ਹਨ ਕਿ ਇਹ ਦੋਵੇਂ ਸਾਬਕਾ ਅਧਿਕਾਰੀ ਆਪਣੇ ਸਿਆਸੀ ਸਫ਼ਰ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ। ਨਿਰੰਜਣ ਸਿੰਘ ਨੇ ਤਾਂ ਵਾਰਸ ਪੰਜਾਬ ’ਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਡੀਐੱਸਪੀ ਸੇਖੋ ਨੇ ਸਪਸ਼ਟ ਰੂਪ ’ਚ ਕੋਈ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਅਜੇ ਉਹ ਭਾਜਪਾ ’ਚ ਬੈਠੇ ਹਨ। ਪਰ ਸਿਆਸੀ ਹਲਕਿਆਂ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਨਿਰੰਜਣ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦੇ ਬਹੁਤ ਸਪਸ਼ਟ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਭ੍ਰਿਸ਼ਟਾਚਾਰ, ਗੈਂਗਸਟਰਵਾਦ ਤੇ ਨਸ਼ੇ ਖ਼ਤਮ ਹੋਣੇ ਚਾਹੀਦੇ ਹਨ। ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਕਾਫ਼ੀ ਖ਼ਰਾਬ ਹੋ ਚੁੱਕੀ ਹੈ। ਪਾਰਟੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ’ਚ ਬੰਦ ਹੋਣ ਬਾਰੇ ਪੁੱਛੇ ਸਵਾਲ ’ਚ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ।

ਜ਼ਿਕਰਯੋਗ ਹੈ ਕਿ ਨਿੰਰਜਣ ਸਿੰਘ ਦਾ ਨਾਮ ਪੰਜਾਬ ਦੇ ਬਹੁ-ਕਰੋੜੀ ਡਰੱਗ ਰੈਕੇਟ ਦੀ ਜਾਂਚ ਨਾਲ ਚਰਚਾ ’ਚ ਆਇਆ। ਉਨ੍ਹਾਂ ਜਗਦੀਸ਼ ਸਿੰਘ ਭੋਲਾ ਨਾਲ ਸਬੰਧਤ ਬਹੁ-ਚਰਚਿਤ ਡਰੱਗ ਮਾਮਲੇ ਦੀ ਜਾਂਚ ਕੀਤੀ ਤੇ ਉਨ੍ਹਾਂ ਦੀ ਜਾਂਚ ਤੋਂ ਬਾਅਦ ਸੂਬੇ ਦੇ ਕੁਝ ਸਿਆਸੀ ਆਗੂਆਂ ਤੋਂ ਵੀ ਪੁੱਛਗਿੱਛ ਹੋਈ ਸੀ। ਸਾਲ 2021 ’ਚ ਨਿਰੰਜਣ ਸਿੰਘ ਸੇਵਾਮੁਕਤ ਹੋਏ। ਉਹ ਲਗਾਤਾਰ ਪੰਜਾਬ ’ਚ ਨਸ਼ਿਆਂ ਦੇ ਮਾਮਲੇ ਤੇ ਇਸ ਨਾਲ ਜੁੜੇ ਕਥਿਤ ਨੈੱਟਵਰਕ ਬਾਰੇ ਜਨਤਕ ਤੌਰ ’ਤੇ ਆਪਣੀ ਰਾਏ ਰੱਖਦੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬ ’ਚ ਨਸ਼ਾ ਤਸਕਰੀ ਦੇ ਕਥਿਤ ਪੁਲਿਸ-ਤਸਕਰ ਗਠਜੋੜ ਹੋਣ ਬਾਰੇ ਵੀ ਟਿੱਪਣੀ ਕੀਤੀ ਸੀ।

ਅਕਾਲੀ ਦਲ ਵਾਰਿਸ ਪੰਜਾਬ ’ਚ ਸਾਬਕਾ ਅਧਿਕਾਰੀਆਂ ਦਾ ਸ਼ਾਮਲ ਹੋਣਾ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਕੁੱਝ ਕੁ ਮਹੀਨੇ ਬਚੇ ਹਨ। ਅਜਿਹੇ ਮੌਕੇ ਜਦੋ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਦੇ ਆਗੂਆਂ, ਸਾਬਕਾ ਵਿਧਾਇਕਾਂ ਨੂੰ ਆਪਣੇ ਵਿਚ ਸ਼ਾਮਲ ਕਰਨ ਲੱਗੀਆਂ ਹੋਈਆਂ ਹਨ ਤਾਂ ਇਹਨਾਂ ਸਾਬਕਾ ਅਧਿਕਾਰੀਆਂ ਦਾ ਵਾਰਸ ਪੰਜਾਬ ਵਿਚ ਸ਼ਾਮਲ ਹੋਣਾ ਸੰਕੇਤ ਦੇ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਦੇ ਰੰਗ ਆਗਾਮੀ ਦਿਨਾਂ ਵਿਚ ਹੋਰ ਵੀ ਬਦਲ ਸਕਦੇ ਹਨ।

By Gurpreet Singh

Leave a Reply

Your email address will not be published. Required fields are marked *