ਗੁਰਪ੍ਰੀਤ ਸਿੰਘ :- ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਤਿੰਨ ਬੱਚੇ ਲਾਪਤਾ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਉਹ ਗਲੀ ਵਿੱਚ ਖੇਡਣ ਲਈ ਘਰੋਂ ਨਿਕਲੇ ਸਨ, ਪਰ ਕਾਫ਼ੀ ਸਮੇਂ ਬਾਅਦ ਵੀ ਵਾਪਸ ਨਹੀਂ ਆਏ। ਤਿੰਨੇ ਬੱਚੇ 22 ਸਤੰਬਰ ਨੂੰ ਦੁਪਹਿਰ 1:30 ਵਜੇ ਘਰੋਂ ਨਿਕਲੇ, ਪਰ ਦੇਰ ਰਾਤ ਤੱਕ ਵਾਪਿਸ ਨਹੀਂ ਪਰਤੇ ਸਨ ਅਤੇ ਉਦੋਂ ਤੋਂ ਹੋ ਉਹ ਲਾਪਤਾ ਹਨ। ਜਿਸ ਤੋਂ ਬਾਅਦ ਪਰਿਵਾਰ ਅਤੇ ਗੁਆਂਢੀਆਂ ਨੇ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਟਿੱਬਾ ਰੋਡ ਦੀ ਗਲੀ ਨੰਬਰ 1 ਨੇੜੇ ਪਿੰਡ ਜਗੀਰਪੁਰ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨਰਿੰਦਰ ਕੌਰ ਨੇ ਦੱਸਿਆ ਕਿ ਉਸਦੀ ਧੀ ਪ੍ਰਭਦੀਪ ਕੌਰ (12) ਅਤੇ ਪੁੱਤਰ ਅਰਸ਼ਦੀਪ ਸਿੰਘ (11) ਗੁਆਂਢ ਵਿੱਚ ਰਹਿਣ ਵਾਲੀ ਜਸਵਿੰਦਰ ਵਰਮਾ ਦੀ ਧੀ ਰਾਧਿਕਾ (16) ਨਾਲ ਖੇਡਣ ਲਈ ਗਲੀ ਵਿੱਚ ਗਏ ਸਨ। ਪਰਿਵਾਰ ਨੂੰ ਡਰ ਹੈ ਕਿ ਕਿਸੇ ਅਣਜਾਣ ਵਿਅਕਤੀ ਨੇ ਤਿੰਨਾਂ ਬੱਚਿਆਂ ਨੂੰ ਅਗਵਾ ਕਰ ਲਿਆ ਹੋਵੇਗਾ। ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਨੇ ਹੁਣ ਤੱਕ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਬੱਚਿਆਂ ਦੀ ਭਾਲ ਕਰ ਰਹੀ ਹੈ। ਪੁਲਿਸ ਅਨੁਸਾਰ ਤਿੰਨੇ ਬੱਚੇ ਮੇਹਰਬਾਨ ਖੇਤਰ ਵਿੱਚ ਦੇਖੇ ਗਏ ਸਨ। ਪੁਲਿਸ ਇਸ ਸਮੇਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਵਿੱਚ ਬੱਚਿਆਂ ਨਾਲ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਹੀਂ ਦੇਖਿਆ ਗਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਗੁੰਮਸ਼ੁਦਾ ਬੱਚਿਆਂ ਬਾਰੇ ਰਿਪੋਰਟ ਸਾਰੇ ਥਾਣਿਆਂ ਅਤੇ ਚੌਕੀਆਂ ਨੂੰ ਭੇਜ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਟਿੱਬਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਅਪਰਾਧਿਕ ਪ੍ਰਕਿਰਿਆ ਸੰਹਿਤਾ ਦੀ ਧਾਰਾ 127(6) ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬੱਚਿਆਂ ਦਾ ਪਤਾ ਲਗਾਉਣ ਲਈ ਆਲੇ-ਦੁਆਲੇ ਦੇ ਖੇਤਰ ਵਿੱਚ ਜਾਣਕਾਰੀ ਇਕੱਠੀ ਕਰ ਰਹੀ ਹੈ।
